ਯੋਜਨਾ ਨਾਲ ਨਹੀਂ, ਨਾਮ ਨਾਲ ਘ੍ਰਿਣਾ ਕਰਦੇ ਵਿਰੋਧੀ : ਭਾਰਤੀ
ਯੋਜਨਾ ਨਾਲ ਨਹੀਂ, ਨਾਮ ਨਾਲ ਘ੍ਰਿਣਾ ਕਰਦੇ ਵਿਰੋਧੀ - ਸ਼ੰਭੂ ਨਾਥ ਭਾਰਤੀ
Publish Date: Fri, 23 Jan 2026 05:56 PM (IST)
Updated Date: Sat, 24 Jan 2026 04:09 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਵੱਲੋਂ ਉਪਮੰਡਲ ਮੁਕੇਰੀਆਂ ਦੇ ਪਿੰਡ ਅਬਦੁੱਲਾਪੁਰ ਵਿੱਚ ਸੰਮਤੀ ਮੈਂਬਰ ਰਮੇਸ਼ ਚੰਦਰ ਮੇਸ਼ੀ ਅਤੇ ਸਾਬਕਾ ਸਰਪੰਚ ਕੁਲਦੀਪ ਰਾਜ ਕਾਲਾ ਦੀ ਪ੍ਰਧਾਨਗੀ ਹੇਠ ਭਾਜਪਾ ਕਾਰਕੁੰਨਾਂ ਅਤੇ ਮਨਰੇਗਾ ਰੁਜ਼ਗਾਰ ਕਾਰਡ ਧਾਰਕਾਂ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਜੀ ਰਾਮ ਜੀ ਯੋਜਨਾ ਪ੍ਰਚਾਰ ਮੁਹਿੰਮ ਦੇ ਪ੍ਰਭਾਰੀ ਸ਼ੰਭੂ ਨਾਥ ਭਾਰਤੀ ਮੌਜੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼ੰਭੂ ਨਾਥ ਭਾਰਤੀ ਨੇ ਕਿਹਾ ਕਿ ਜੀ ਰਾਮ ਜੀ ਯੋਜਨਾ ਕਿਸਾਨਾਂ, ਮਜ਼ਦੂਰਾਂ ਸਮੇਤ ਪਿੰਡਾਂ ਦੇ ਵਿਕਾਸ ਲਈ ਬਹੁਤ ਹੀ ਲਾਭਕਾਰੀ ਹੈ, ਪਰ ਵਿਰੋਧੀ ਧਿਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਇਹ ਯੋਜਨਾ ਮਜ਼ਦੂਰਾਂ ਲਈ ਨੁਕਸਾਨਦਾਇਕ ਹੈ। ਭਾਰਤੀ ਨੇ ਸਪੱਸ਼ਟ ਕੀਤਾ ਕਿ ਦਰਅਸਲ ਵਿਰੋਧੀ ਧਿਰ ਨੂੰ ਯੋਜਨਾ ਦੇ ਨਾਮ ‘ਜੀ ਰਾਮ ਜੀ’ ਨਾਲ ਘ੍ਰਿਣਾ ਹੈ, ਇਸ ਲਈ ਉਹ ਇਸ ਲਾਭਕਾਰੀ ਯੋਜਨਾ ਦਾ ਵਿਰੋਧ ਕਰ ਰਹੀ ਹੈ। ਸ਼ੰਭੂ ਭਾਰਤੀ ਨੇ ਕਾਂਗਰਸ ਦੇ ਮਨਰੇਗਾ ਬਚਾਓ ਮੁਹਿੰਮ ਦੀ ਪੋਲ੍ਹ ਖੋਲ੍ਹਦਿਆਂ ਕਿਹਾ ਕਿ ਇਹ ਮਨਰੇਗਾ ਬਚਾਓ ਮੁਹਿੰਮ ਨਹੀਂ, ਸਗੋਂ ਲੋਕਾਂ ਨੂੰ ਗੁੰਮਰਾਹ ਕਰਕੇ ਕਾਂਗਰਸ ਨੂੰ ਬਚਾਉਣ ਦੀ ਮੁਹਿੰਮ ਹੈ। ਜਿਸ ਕਾਂਗਰਸ ਨੇ ਭਗਵਾਨ ਸ਼੍ਰੀ ਰਾਮ ਜੀ ਨੂੰ ਅਦਾਲਤ ਵਿੱਚ ਹਲਫ਼ਨਾਮਾ ਦੇ ਕੇ ਕਾਲਪਨਿਕ ਸਾਬਤ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ ਅਤੇ ਅਯੋਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਸੁੰਦਰ ਮੰਦਰ ਦੇ ਨਿਰਮਾਣ ਨੂੰ ਰੋਕਣ ਲਈ ਦਰਜਨਾਂ ਵਕੀਲ ਖੜ੍ਹੇ ਕੀਤੇ ਸਨ, ਉਸਨੂੰ ਇਸ ਯੋਜਨਾ ਵਿੱਚ ਰਾਮ ਦਾ ਨਾਮ ਆਉਣ ’ਤੇ ਇਤਰਾਜ਼ ਹੋਣਾ ਸੁਭਾਵਿਕ ਹੈ, ਕਿਉਂਕਿ ਕਾਂਗਰਸ ਨੇ ਹਮੇਸ਼ਾਂ ਰਾਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਤੇ ਨਵੀਂ ਯੋਜਨਾ ਨੂੰ ਬੇਝਿਜਕ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਰਾਜ ਕਾਲਾ, ਸੰਮਤੀ ਮੈਂਬਰ ਰਮੇਸ਼ ਚੰਦਰ ਮੇਸ਼ੀ, ਸੁਭਾਸ਼ ਚੰਦਰ, ਰਾਣਾ ਪ੍ਰਤਾਪ ਮੇਟ, ਸੂਬੇਦਾਰ ਤਾਰਾ ਚੰਦ, ਸੁਰੇਸ਼ ਕੁਮਾਰ, ਦੀਪੂ ਠਾਕੁਰ, ਕੁਲਦੀਪ ਸਿੰਘ, ਰਾਜ ਕੁਮਾਰੀ, ਤਰਸੇਮ ਮਸੀਹ, ਲਿਸਬਾ, ਸੁਖਵਿੰਦਰ ਕੌਰ ਆਦਿ ਕਾਰਡਧਾਰੀ ਹਾਜ਼ਰ ਸਨ।