ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਕੀਤੀ ਭੇਟ
ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਕੀਤੀ ਭੇਟ
Publish Date: Fri, 23 Jan 2026 05:18 PM (IST)
Updated Date: Sat, 24 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਇੱਥੇ ਐੱਸਪੀਐੱਨ ਕਾਲਜ ਵਿਖੇ ਸਰਵਪਿੱਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਭੇਟ ਕੀਤੀ ਗਈ। ਸੰਸਥਾ ਦੇ ਸੰਸਥਾਪਕ ਕੁਮਾਰ ਪੇਂਟਰ ਵੱਲੋਂ ਐੱਸਪੀਐੱਨ ਕਾਲਜ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਇਹ ਰਾਸ਼ੀ ਭੇਟ ਕੀਤੀ ਗਈ। ਜਾਣਕਾਰੀ ਦਿੰਦਿਆਂ ਕੁਮਾਰ ਪੇਂਟਰ ਨੇ ਦੱਸਿਆ ਕਿ ਸੰਸਥਾ ਵੱਲੋਂ ਐੱਸਪੀਐੱਨ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਨੂੰ 57 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਉਜਵਲ ਭਵਿੱਖ ਦੀ ਨੀਂਹ ਸਿੱਖਿਆ ਨਾਲ ਹੀ ਰੱਖੀ ਜਾਂਦੀ ਹੈ ਤੇ ਇਸੇ ਵਿਚਾਰ ਨੂੰ ਸਾਕਾਰ ਕਰਦਿਆਂ ਸਰਵਪਿੱਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵੱਲੋਂ ਸਿੱਖਿਆ ਦੇ ਖੇਤਰ ਵੱਲ ਇੱਕ ਕਦਮ ਵਧਾਇਆ ਜਾ ਰਿਹਾ ਹੈ, ਜਿਸ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਅਜੋਕੇ ਸਮੇਂ ਵਿੱਚ ਸਿੱਖਿਆ ਦੇ ਵਿਅਪਕ ਮਹੱਤਵ ਬਾਰੇ ਗੱਲ ਕਰਦਿਆਂ ਕੁਮਾਰ ਪੇਂਟਰ ਨੇ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਨਹੀਂ, ਸਗੋਂ ਆਤਮਨਿਰਭਰਤਾ, ਸੰਸਕਾਰ ਅਤੇ ਰਾਸ਼ਟਰ-ਨਿਰਮਾਣ ਦਾ ਮਾਧਿਅਮ ਹੈ। ਸੰਸਥਾ ਦਾ ਉਦੇਸ਼ ਹੈ ਕਿ ਕੋਈ ਵੀ ਵਿਦਿਆਰਥੀ ਆਰਥਿਕ ਮੁਸ਼ਕਲਾਂ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ ਤੇ ਸੰਸਥਾ ਦਾ ਵਿਚਾਰ ਹੈ ਕਿ ਅੱਜ ਜਿਸ ਵਿਦਿਆਰਥੀ ਦੀ ਮਦਦ ਕੀਤੀ ਜਾ ਰਹੀ ਹੈ, ਉਹੀ ਕੱਲ੍ਹ ਸਮਾਜ ਦਾ ਮਾਰਗਦਰਸ਼ਕ ਬਣੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵਿੱਤੀ ਸਹਾਇਤਾ ਦਾਨ ਨਹੀਂ, ਬਲਕਿ ਭਵਿੱਖ ਵਿੱਚ ਨਿਵੇਸ਼ ਅਤੇ ਮਾਨਵ ਕਲਿਆਣ ਦੀ ਸੱਚੀ ਨੀਂਹ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਆਉਣ ਵਾਲੇ ਸਮੇਂ ਵਿੱਚ ਸਿੱਖਿਆ-ਸਹਿਯੋਗ ਨੂੰ ਹੋਰ ਵਿਸ਼ਾਲ ਬਣਾਏਗੀ। ਇਸ ਮੌਕੇ ਕਾਲਜ ਦੇ ਸਕੱਤਰ ਸੰਜੀਵ ਆਨੰਦ ਅਤੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਲਈ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸੰਸਥਾਪਕ ਕੁਮਾਰ ਪੇਂਟਰ ਦਾ ਸਨਮਾਨ ਕੀਤਾ।