ਮੁੱਖ ਮੰਤਰੀ ਨੂੰ ਦਿਖਾਵਾਂਗੇ ਕਾਲ਼ੇ ਝੰਡੇ : ਚੌਟਾਲਾ
ਮੁੱਖ ਮੰਤਰੀ ਨੂੰ ਦਿਖਾਵਾਂਗੇ ਕਾਲ਼ੇ ਝੰਡੇ - ਚੋਟਾਲਾ
Publish Date: Fri, 23 Jan 2026 04:48 PM (IST)
Updated Date: Sat, 24 Jan 2026 04:04 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਤੇ ਮੁਲਾਜ਼ਮਾਂ ਨਾਲ ਇਹ ਕਹਿ ਕੇ ਸੱਤਾ ’ਚ ਆਈ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕਦੇ ਵੀ ਧਰਨਾ ਨਹੀਂ ਲਾਉਣਾ ਪਏਗਾ ਪਰ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ, ਜਿਸ ’ਚ ਡੀਏ ਦੀਆਂ ਲੰਬੇ ਸਮੇਂ ਤੋਂ ਰਹਿੰਦੀਆਂ ਕਿਸ਼ਤਾਂ, ਪੇ ਕਮਿਸ਼ਨ ਦੀ ਰਿਪੋਰਟ ਪੂਰੇ ਤੌਰ ’ਤੇ ਲਾਗੂ ਨਾ ਕਰਨਾ, ਏਸੀਪੀ ਬਹਾਲ ਨਾ ਕਰਨਾ ਤੇ ਮੁੱਖ ਤੌਰ ’ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਜਿਸ ਦੇ ਵਿਰੋਧ ’ਚ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਪ੍ਰਿਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ ਪਿਛਲੇ ਲੱਗਭਗ 3 ਸਾਲ ਤੋਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜੋ ਕਿ ਮਹਿਜ਼ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਹੈ ਤੇ ਉਸ ਨੂੰ ਕਿਤੇ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਵਿਰੋਧ ’ਚ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਗੌਰਮਿੰਟ ਟੀਚਰ ਯੂਨੀਅਨ ਮੈਦਾਨ ’ਚ ਹਨ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀਪੀਐੱਫ ਯੂਨੀਅਨ ਵੱਲੋਂ ਗਣਤੰਤਰ ਦਿਹਾੜੇ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੱਤਾ ’ਚ ਆਉਣ ਤੋਂ ਪਹਿਲਾਂ ਸਰਕਾਰ ਨੇ 2004 ਤੋਂ ਬਾਅਦ ਸਰਕਾਰੀ ਸੇਵਾ ’ਚ ਆਏ ਲਗਭਗ 2 ਲੱਖ ਕਰਮਚਾਰੀਆਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਇਹ ਰੋਸ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮਾਰੂ ਸਿੱਧ ਹੋਵੇਗਾ।