ਲਕਸ਼ਮੀ ਨਰਾਇਣ ਮੰਦਰ ਸਾਹਮਣੇ ਵਿਸ਼ਾਲ ਲੰਗਰ ਸੇਵਾ
ਸ੍ਰੀ ਰਾਮ ਨਾਟਕ ਵੈਲਫੇਅਰ ਸੁਸਾਇਟੀ ਸੈਕਟਰ-2 ਤਲਵਾੜਾ ਵੱਲੋਂ ਲਕਸ਼ਮੀ ਨਰਾਇਣ ਮੰਦਰ ਸਾਹਮਣੇ ਵਿਸ਼ਾਲ ਲੰਗਰ ਸੇਵਾ
Publish Date: Fri, 23 Jan 2026 04:45 PM (IST)
Updated Date: Sat, 24 Jan 2026 04:04 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਸ਼੍ਰੀ ਰਾਮ ਨਾਟਕ ਵੈੱਲਫੇਅਰ ਸੁਸਾਇਟੀ, ਤਲਵਾੜਾ ਵੱਲੋਂ ਲਕਸ਼ਮੀ ਨਾਰਾਇਣ ਮੰਦਰ ਦੇ ਸਾਹਮਣੇ ਧਾਰਮਿਕ ਸ਼ਰਧਾ ਤੇ ਸੇਵਾ ਭਾਵਨਾ ਨਾਲ ਭਰਪੂਰ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਲੰਗਰ ’ਚ ਇਲਾਕੇ ਦੀਆਂ ਵੱਖ-ਵੱਖ ਬਸਤੀਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਤੇ ਸੰਗਤ ਨੇ ਹਾਜ਼ਰੀ ਭਰੀ ਤੇ ਪ੍ਰਸ਼ਾਦ ਛਕ ਕੇ ਧਾਰਮਿਕ ਲਾਹਾ ਪ੍ਰਾਪਤ ਕੀਤਾ। ਲੰਗਰ ਦੀ ਸੇਵਾ ਦੌਰਾਨ ਸ਼੍ਰੀ ਰਾਮ ਨਾਟਕ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਬੜੀ ਨਿਸ਼ਕਾਮ ਭਾਵਨਾ ਨਾਲ ਸੰਗਤ ਦੀ ਸੇਵਾ ਕੀਤੀ। ਸਵੇਰੇ ਤੋਂ ਹੀ ਮੰਦਰ ਕੰਪਲੈਕਸ ’ਚ ਭਗਤੀਮਈ ਮਾਹੌਲ ਬਣਿਆ ਰਹਿਆ ਤੇ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਇਲਾਕਾ ਗੂੰਜ ਉਠਿਆ। ਲੰਗਰ ’ਚ ਸਾਫ਼-ਸੁਥਰਾ ਤੇ ਸੁਚੱਜਾ ਪ੍ਰਬੰਧ ਕੀਤਾ ਗਿਆ, ਜਿਸ ਦੀ ਸੰਗਤ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਤਰਲੋਕ ਸਿੰਘ ਸਾਹੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੁਸਾਇਟੀ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਮਾਲਾ ਤੇ ਸਿਰੋਪਾਓ ਭੇਟ ਕਰ ਕੇ ਸਨਮਾਨ ਕੀਤਾ ਗਿਆ। ਤਰਲੋਕ ਸਿੰਘ ਸਾਹੀ ਨੇ ਸੁਸਾਇਟੀ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਤੇ ਸਮਾਜਿਕ ਸੇਵਾ ਸਮਾਜ ਨੂੰ ਜੋੜਨ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਕਿਹਾ ਕਿ ਲੰਗਰ ਵਰਗੀ ਸੇਵਾ ਨਾਲ ਆਪਸੀ ਭਾਈਚਾਰਾ, ਸਹਿਯੋਗ ਤੇ ਸਮਾਨਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਸੁਸਾਇਟੀ ਦੇ ਮੈਂਬਰਾਂ ਨੂੰ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਕਾਰਜ ਕਰਦੇ ਰਹਿਣਾ ਚਾਹੀਦਾ ਹੈ।