26 ਨੂੰ ਕੱਢੀ ਜਾਵੇਗੀ ਟਰੈਕਟਰ ਰੈਲੀ : ਚੌਹਾਨ, ਸਮਰਾ
ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ 26 ਜਨਵਰੀ ਨੂੰ ਕੱਢੀ ਜਾਵੇਗੀ ਟਰੈਕਟਰ ਰੈਲੀ: ਚੌਹਾਨ, ਸਮਰਾ
Publish Date: Fri, 23 Jan 2026 04:35 PM (IST)
Updated Date: Sat, 24 Jan 2026 04:01 AM (IST)

ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਦੀ ਅਗਵਾਈ ’ਚ ਅਹਿਮ ਮੀਟਿੰਗ ਹੋਈ। ਉਨ੍ਹਾਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਕੇਐੱਮ ਦੀ ਕਾਲ ’ਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਵੱਖ-ਵੱਖ ਸਥਾਨਾਂ ’ਤੇ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਉਸੇ ਅਧੀਨ ਗੜ੍ਹਦੀਵਾਲਾ ਵਿਖੇ 26 ਜਨਵਰੀ ਨੂੰ ਸਵੇਰੇ 9.30 ਤੋਂ 12.00 ਵਜੇ ਤੱਕ ਇਹ ਵਿਸ਼ਾਲ ਟਰੈਕਟਰ ਰੈਲੀ ਕੱਢੀ ਜਾਵੇਗੀ। ਉਸੇ ਅਧੀਨ ਸਰਕਲ ਗੜ੍ਹਦੀਵਾਲਾ ’ਚ ਵੱਖ-ਵੱਖ ਪਿੰਡਾਂ ’ਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਪ੍ਰਤੀ ਲੋਕਾਂ ’ਚ ਭਾਰੀ ਉਤਸਾਹ ਹੈ ਤੇ ਲੋਕ ਭਾਰੀ ਗਿਣਤੀ ’ਚ ਇਸ ’ਚ ਸ਼ਾਮਿਲ ਹੋਣਗੇ ਤੇ ਇਸ ਵਿਸ਼ਾਲ ਰੋਸ ਮਾਰਚ ਨੂੰ ਸਫਲ ਕਰਨਗੇ। ਉਨ੍ਹਾਂ ਦੱਸਿਆ ਕਿ ਜੋ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਲਿਆਇਆ ਜਾ ਰਿਹਾ ਹੈ, ਉਸ ਨੂੰ ਰੱਦ ਕੀਤਾ ਜਾਵੇ, ਕਿਸਾਨ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕਰੇ, ਸਾਰੀਆਂ ਫਸਲਾਂ ’ਤੇ ਐੱਮਐੱਸਪੀ ਦੀ ਗਾਰੰਟੀ ਦਿੱਤੀ ਜਾਵੇ, ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ। ਇਸੇ ਰੋਸ ਵਜੋਂ ਮਜਬੂਰਨ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਵਿਸ਼ਾਲ ਟਰੈਕਟਰ ਰੋਸ ਮਾਰਚ ਕਰਨਗੇ। ਇਸ ਰੈਲੀ ਨੂੰ ਸਫਲ ਬਣਾਉਣ ਲਈ ਵੱਖ-ਵੱਖ ਪਿੰਡਾਂ ’ਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਮ ਜਨਤਾ ਭਾਰਤ ਸਰਕਾਰ ਦੀਆਂ ਗਤੀਵਿਧੀਆਂ ਤੋਂ ਦੁਖੀ ਹੈ ਤੇ ਉਨ੍ਹਾਂ ਵੱਲੋਂ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਸੰਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਅਮਨਦੀਪ ਸਿੰਘ ਬੰਟੀ ਬਾਹਗਾ, ਤਲਵਿੰਦਰ ਸਿੰਘ ਦਾਰਾਪੁਰ, ਤਰਲੋਕ ਸਿੰਘ ਸਹੋਤਾ, ਹਰਪ੍ਰੀਤ ਸਿੰਘ ਹੈਪੀ ਬਾਹਲਾ, ਬਲਵਿੰਦਰ ਸਿੰਘ ਝੁੰਬੋਵਾਲ, ਕੁਲਜੀਤ ਸਿੰਘ ਖਾਨਪੁਰ, ਭੁਪਿੰਦਰ ਸਿੰਘ ਰਾਜਾ ਰੂਪਵਾਲ, ਕਰਮਜੀਤ ਸਿੰਘ ਬਾਹਲਾ, ਬਲੀ ਸਿੰਘ ਧੂਤ, ਰੁਪਿੰਦਰ ਸਿੰਘ ਧੂਤ, ਕਮਲਦੀਪ ਸਿੰਘ ਸਮਰਾ, ਤਰਨਦੀਪ ਸਿੰਘ ਮੱਲੀ ਆਦਿ ਹਾਜ਼ਰ ਸਨ।