ਆਂਗਣਵਾੜੀ ਸੈਂਟਰਾਂ ’ਚ ਈਸੀਸੀਈ ਦਿਵਸ ਮਨਾਇਆ
ਹੁਸ਼ਿਆਰਪੁਰ ਜ਼ਿਲ਼੍ਹੇ ਦੇ ਸਮੂਹ ਬਲਾਕਾਂ ਦੇ ਆਂਗਨਵਾੜੀ ਸੈਂਟਰਾਂ 'ਚ ਈ.ਸੀ.ਸੀ.ਈ ਦਿਵਸ ਮਨਾਇਆ
Publish Date: Fri, 23 Jan 2026 04:32 PM (IST)
Updated Date: Sat, 24 Jan 2026 04:01 AM (IST)

ਬੱਚਿਆਂ ਲਈ ਕਰਵਾਈਆਂ ਸਿੱਖਿਆਤਮਕ ਤੇ ਮਨੋਰੰਜਕ ਗਤੀਵਿਧੀਆਂ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਸਮੂਹ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ’ਚ ਈਸੀਸੀਈ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਲਈ ਵੱਖ-ਵੱਖ ਸਿੱਖਿਆਤਮਕ ਤੇ ਮਨੋਰੰਜਕ ਗਤੀਵਿਧੀਆਂ, ਜਿਵੇਂ ਕਿ ਚਿੱਤਰਕਾਰੀ ਮੁਕਾਬਲੇ, ਕਵਿਤਾ ਪਾਠ, ਕਹਾਣੀ ਸੁਣਾਉਣਾ, ਖੇਡਾਂ ਤੇ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ’ਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਮਾਵਾਂ ਨੂੰ ਬੱਚਿਆਂ ਦੀ ਸਿਹਤ, ਪੋਸ਼ਣ, ਸਫ਼ਾਈ ਤੇ ਟੀਕਾਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਨੂੰ ਗਰਭ ਅਵਸਥਾ ਦੌਰਾਨ ਸਹੀ ਖ਼ੁਰਾਕ, ਸਿਹਤ ਜਾਂਚ, ਆਇਰਨ ਤੇ ਫੋਲਿਕ ਐਸਿਡ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਆਂਗਣਵਾੜੀ ਕੇਦਰਾਂ ’ਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਾਵਾਂ ਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਪੌਸ਼ਟਿਕ ਖ਼ੁਰਾਕ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਮੁੱਚੇ ਵਿਕਾਸ, ਬੌਧਿਕ, ਭਾਵਨਾਤਮਕ ਤੇ ਸਮਾਜਿਕ ਪੱਖਾਂ ਨੂੰ ਮਜ਼ਬੂਤ ਕਰਨ ’ਚ ਮਦਦਗਾਰ ਸਾਬਤ ਹੁੰਦੀਆਂ ਹਨ।