ਘਰ-ਘਰ ਪਹੁੰਚ ਕਰਕੇ ਬਣਾਏ ਜਾਣਗੇ ਕਾਰਡ : ਡਾ. ਚੱਬੇਵਾਲ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਘਰ-ਘਰ ਪਹੁੰਚ ਕਰਕੇ ਬਣਾਏ ਜਾਣਗੇ-ਡਾ.ਰਾਜ ਕੁਮਾਰ ਚੱਬੇਵਾਲ
Publish Date: Thu, 22 Jan 2026 08:27 PM (IST)
Updated Date: Fri, 23 Jan 2026 04:15 AM (IST)

ਕਿਹਾ- ਹਰ ਹਲਕੇ ਵਿੱਚ ਪਾਰਟੀ ਦੇ ਯੂਥ ਆਗੂ ਨਿਭਾਉਣਗੇ ਡਿਊਟੀ, ਲੱਖਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਦੇ ਫ੍ਰੀ ਇਲਾਜ ਦੇ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸਦੀ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਇਹ ਸਿਹਤ ਕਾਰਡ ਆਪ ਦੇ ਯੂਥ ਵਿੰਗ ਦੇ ਆਗੂਆਂ ਵੱਲੋਂ ਹਰ ਹਲਕੇ ਦੇ ਪਿੰਡ-ਪਿੰਡ ਪਹੁੰਚ ਕਰਕੇ ਖ਼ੁਦ ਬਣਾਏ ਜਾਣਗੇ। ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਹਰ ਇੱਕ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਯੂਥ ਵਿੰਗ ਦੇ ਆਗੂ ਆਪਣੇ-ਆਪਣੇ ਹਲਕੇ ਵਿੱਚ ਪੈਂਦੇ ਪਿੰਡਾਂ ਵਿੱਚ ਪਹੁੰਚ ਕਰਨਗੇ ਤੇ ਪਰਿਵਾਰਾਂ ਤੋਂ ਜਰੂਰੀ ਦਸਤਾਵੇਜ ਪ੍ਰਾਪਤ ਕਰਕੇ ਉਨ੍ਹਾਂ ਨੂੰ ਸਲਿੱਪ ਦੇਣਗੇ ਜਿਸ ਪਿੱਛੋ ਲਾਭਪਾਤਰੀ ਪਰਿਵਾਰ ਆਪਣੇ ਨਜ਼ਦੀਕ ਪੈਂਦੇ ਕਿਸੇ ਵੀ ਛੋਟੇ-ਵੱਡੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਇਸ ਸਲਿੱਪ ਨੂੰ ਜਮਾਂ ਕਰਵਾਉਣਗੇ ਜਿਸ ਉਪਰੰਤ ਹਸਪਤਾਲ ਵਿੱਚੋਂ ਸੰਬੰਧਿਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਿਹਤ ਕਾਰਡ ਮੁਹੱਈਆ ਕਰਵਾ ਦਿੱਤੇ ਜਾਣਗੇ। ਡਾ. ਚੱਬੇਵਾਲ ਨੇ ਦੱਸਿਆ ਕਿ ਕਾਰਡ ਬਣਾਉਣ ਲਈ ਜਰੂਰੀ ਦਸਤਾਵੇਜ ਅਧਾਰ ਕਾਰਡ ਤੇ ਵੋਟਰ ਕਾਰਡ ਹਨ ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਰੂਰੀ ਦਸਤਾਵੇਜ ਅਧਾਰ ਕਾਰਡ ਤੇ ਜਨਮ ਸਰਟੀਫਿਕੇਟ ਹਨ, ਇੱਥੇ ਖਾਸ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਨ੍ਹਾਂ ਦਸਤਾਵੇਜਾਂ ਦੀ ਡਿਟੇਲ ਆਪਸ ਵਿੱਚ ਮਿਲਦੀ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਦੇ ਦਸਤਾਵੇਜਾਂ ਵਿੱਚ ਕੋਈ ਗਲਤੀ ਹੈ ਤਾਂ ਉਹ ਪਹਿਲਾ ਹੀ ਇਸ ਨੂੰ ਦਰੁਸਤ ਕਰਵਾ ਲੈਣ ਤਾਂ ਜੋ ਸਿਹਤ ਕਾਰਡ ਬਣਾਉਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਹਲਕੇ ਦੇ ਸਮੂਹ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਵਿਚ ਜਿਸ ਪਰਿਵਾਰ ਦੇ ਮੈਬਰਾਂ ਦੇ ਅਧਾਰ ਕਾਰਡ, ਵੋਟਰ ਕਾਰਡ, ਜਨਮ ਸਰਟੀਫਿਕੇਟ ਵਿੱਚ ਨਾਮ ਠੀਕ ਨਹੀ ਹੈ ਉਹ ਠੀਕ ਕਰਵਾ ਲਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ ਲੋਕ ਪੱਖੀ ਸਕੀਮਾਂ ਚਲਾ ਕੇ ਆਮ ਲੋਕਾਂ ਤੱਕ ਸਹੂਲਤਾਂ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਸ਼ੁਰੂ ਹੋਣ ਨਾਲ ਸੂਬੇ ਵਿੱਚ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੇਹਤ ਸਹੂਲਤਾਂ ਦੇਣ ਲਈ ਕ੍ਰਾਤੀਕਾਰੀ ਬਦਲਾਅ ਕੀਤੇ ਗਏ ਹਨ, ਹੁਣ ਹਰ ਇੱਕ ਬਿਮਾਰੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।