ਪੁਲਿਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, 4 ਦੇਸੀ ਪਿਸਟਲ ਬਰਾਮਦ
ਅਸਲਾ ਐਕਟ ਤਹਿਤ ਵੱਡੀ ਕਾਰਵਾਈ, ਮੇਹਟੀਆਣਾ ਤੇ ਸਿਟੀ ਪੁਲਿਸ ਵੱਲੋਂ 3 ਮੁਲਜ਼ਮ ਗ੍ਰਿਫ਼ਤਾਰ, 4 ਦੇਸੀ ਪਿਸਟਲ ਬਰਾਮਦ
Publish Date: Thu, 22 Jan 2026 06:40 PM (IST)
Updated Date: Fri, 23 Jan 2026 04:13 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਗੈਰਕਾਨੂੰਨੀ ਅਸਲਾ ਰੱਖਣ ਅਤੇ ਕਥਿਤ ਤੌਰ ’ਤੇ ਅਸਲਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮੇਹਟੀਆਣਾ ਅਤੇ ਸਿਟੀ ਪੁਲਿਸ ਹੁਸ਼ਿਆਰਪੁਰ ਨੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਦੱਸੀ ਜਾ ਰਹੀ ਹੈ। ਬਾਕਸ-- ਮੇਹਟੀਆਣਾ ਪੁਲਿਸ ਦੀ ਕਾਰਵਾਈ ਪੁਲਿਸ ਨੇ ਦੱਸਿਆ ਕਿ ਮੇਹਟੀਆਣਾ ਪੁਲਿਸ ਵੱਲੋਂ ਮਨੀਸ਼ ਉਰਫ਼ ਜੱਸਾ ਪ੍ਰਧਾਨ ਵਾਸੀ ਮੋਨਾਂ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੂਜਾ ਮੁਲਜ਼ਮ ਪਰਮ ਵਾਸੀ ਨੇੜੇ ਚੱਬੇਵਾਲ (ਹਾਲ ਵਾਸੀ ਕੈਨੇਡਾ) ਹੈ, ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਕਿਹਾ ਕਿ ਮੁਕੱਦਮਾ ਨੰਬਰ 10 ਮਿਤੀ 20 ਜਨਵਰੀ, 2026, ਐੱਨਡੀਪੀਐੱਸ ਐਕਟ ਤਹਿਤ ਥਾਣਾ ਗੜ੍ਹਸ਼ੰਕਰ ਵਿੱਚ ਦਰਜ ਮਾਮਲੇ ਦੀ ਤਫ਼ਤੀਸ਼ ਦੌਰਾਨ ਕਥਿਤ ਤੌਰ ’ਤੇ ਮੁਲਜ਼ਮ ਮਨਿਸ਼ ਉਰਫ਼ ਜੱਸਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਪਰਮ (ਹਾਲ ਵਾਸੀ ਕੈਨੇਡਾ) ਦੇ ਸੰਪਰਕ ਵਿੱਚ ਸੀ, ਜੋ ਵਿਦੇਸ਼ ਬੈਠ ਕੇ ਅਸਲਾ ਸਪਲਾਈ ਕਰਨ ਦੇ ਧੰਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਪੁਲਿਸ ਅਨੁਸਾਰ ਕਥਿਤ ਤੌਰ ’ਤੇ 18 ਜਨਵਰੀ, 2026 ਨੂੰ ਉਸ ਨੂੰ 3 ਦੇਸੀ ਪਿਸਟਲ .32 ਬੋਰ ਮੈਗਜ਼ੀਨਾਂ ਅਤੇ ਜ਼ਿੰਦਾ ਰੌਂਦ ਸਮੇਤ ਅੱਗੇ ਸਪਲਾਈ ਕਰਨ ਲਈ ਦਿੱਤੇ ਗਏ ਸਨ, ਜੋ ਉਸ ਨੇ ਪਿੰਡ ਭੰਗਰਨੀ ਨੇੜੇ ਮੇਹਟੀਆਣਾ-ਕੋਟ ਫਤੂਹੀ ਨਹਿਰ ਦੇ ਕਿਨਾਰੇ ਜ਼ਮੀਨ ਵਿੱਚ ਦੱਬ ਕੇ ਰੱਖੇ ਹੋਏ ਸਨ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਨਹਿਰ ਦੇ ਕਿਨਾਰੇ ਤੋਂ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਵਿਚੋਂ 3 ਦੇਸੀ ਪਿਸਟਲ .32 ਬੋਰ, 3 ਮੈਗਜ਼ੀਨ ਤੇ 3 ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਬਾਕਸ-- ਸਿਟੀ ਪੁਲਿਸ ਦੀ ਕਾਰਵਾਈ ਪੁਲਿਸ ਨੇ ਦੱਸਿਆ ਕਿ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਨਾਕਾਬੰਦੀ ਤੇ ਗਸ਼ਤ ਦੌਰਾਨ ਧੋਬੀ ਘਾਟ ਚੌਕ ਤੋਂ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਮਨ ਕੁਮਾਰ ਉਰਫ਼ ਠੰਡੂ ਵਾਸੀ ਮੁਕੇਰੀਆਂ ਅਤੇ ਪ੍ਰਦੀਪ ਸਿੰਘ ਉਰਫ਼ ਡੱਮਰੂ ਵਾਸੀ ਪਿੰਡ ਗੋਲੜਾ ਵਜੋਂ ਹੋਈ ਹੈ। ਏਐੱਸਆਈ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਵੇਂ ਨੌਜਵਾਨ ਕਥਿਤ ਤੌਰ ’ਤੇ ਘਬਰਾ ਕੇ ਮੁੜਨ ਲੱਗੇ, ਜਿਸ ’ਤੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਰਮਨ ਕੁਮਾਰ ਉਰਫ਼ ਠੰਡੂ ਕੋਲੋਂ ਇੱਕ ਦੇਸੀ ਪਿਸਟਲ .32 ਬੋਰ, ਇੱਕ ਮੈਗਜ਼ੀਨ ਅਤੇ ਇੱਕ ਜ਼ਿੰਦਾ ਰੌਂਦ, ਜਦਕਿ ਪ੍ਰਦੀਪ ਸਿੰਘ ਉਰਫ਼ ਡੱਮਰੂ ਕੋਲੋਂ ਇੱਕ ਮੈਗਜ਼ੀਨ ਅਤੇ ਇੱਕ ਜਿੰਦਾ ਰੌਂਦ ਬਰਾਮਦ ਹੋਇਆ। ਪੁਲਿਸ ਨੇ ਕਿਹਾ ਕਿ ਦੋਵੇਂ ਮਾਮਲੇਆਂ ਦੀ ਅੱਗੇ ਦੀ ਜਾਂਚ ਜਾਰੀ ਹੈ।