ਸੇਫ ਸਕੂਲ ਵਾਹਨ ਪਾਲਿਸੀ ਤਹਿਤ 81 ਸਕੂਲੀ ਬੱਸਾਂ ਦੀ ਚੈਕਿੰਗ, 13 ਦੇ ਚਲਾਨ
ਸੇਫ ਸਕੂਲ ਵਾਹਨ ਪਾਲਿਸੀ ਤਹਿਤ 81 ਸਕੂਲੀ ਬੱਸਾਂ ਦੀ ਚੈਕਿੰਗ, 13 ਦੇ ਚਲਾਨ
Publish Date: Thu, 22 Jan 2026 06:22 PM (IST)
Updated Date: Fri, 23 Jan 2026 04:12 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ’ਚ ਸਕੂਲੀ ਬੱਸਾਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ। ਇਹ ਕਾਰਵਾਈ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਹੁਕਮਾਂ ਅਨੁਸਾਰ ਕੀਤੀ ਗਈ। ਚੈਕਿੰਗ ਦੌਰਾਨ ਸੇਂਟ ਜੋਸਫ ਕਾਨਵੈਂਟ ਸਕੂਲ, ਐੱਸਪੀਐੱਨਐੱਸਐੱਸਕੇ ਪਬਲਿਕ ਹਾਈ ਸਕੂਲ, ਵੁਡਬੇਰੀ ਵਰਲਡ ਸਕੂਲ ਤੇ ਕੈਂਬਰਿਜ ਓਵਰਸੀਜ਼ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ। ਜਾਂਚ ਸਮੇਂ ਕਈ ਬੱਸਾਂ ’ਚ ਮਿਆਦ ਪੁੱਗੀਆਂ ਫਸਟਏਡ ਕਿੱਟਾਂ, ਫਾਗ ਲਾਈਟਾਂ ਦੀ ਕਮੀ, ਲੇਡੀ ਅਟੈਂਡੈਂਟ ਨਾ ਹੋਣਾ, ਪਾਸਿੰਗ ਦੀ ਕਮੀ, ਸਪੀਡ ਗਵਰਨਰ ਨਾ ਹੋਣਾ, ਐਮਰਜੈਂਸੀ ਐਗਜ਼ਿਟ ਦੀ ਘਾਟ, ਅੱਗ ਬੁਝਾਊ ਯੰਤਰ ਤੇ ਸੀਸੀਟੀਵੀ ਕੈਮਰੇ ਨਾ ਹੋਣਾ ਤੇ ਬੱਸਾਂ ’ਚ ਨਿਰਧਾਰਤ ਸਮਰੱਥਾ ਤੋਂ ਵੱਧ ਬੱਚੇ ਬਿਠਾਉਣ ਵਰਗੀਆਂ ਖਾਮੀਆਂ ਸਾਹਮਣੇ ਆਈਆਂ। ਇਸ ਕਾਰਵਾਈ ਦੌਰਾਨ ਕੁੱਲ 81 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 13 ਬੱਸਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਰਣਜੀਤ ਕੌਰ, ਜਸਵਿੰਦਰ ਸਿੰਘ, ਏਐੱਸਆਈ ਰਾਕੇਸ਼ ਕੁਮਾਰ, ਏਐੱਸਆਈ ਗੁਰਨਾਮ ਸਿੰਘ, ਸਿੱਖਿਆ ਵਿਭਾਗ ਤੋਂ ਸੁਰਜੀਤ ਸਿੰਘ ਸਮੇਤ ਸਮੂਹ ਟੀਮ ਹਾਜ਼ਰ ਰਹੀ। ਟੀਮ ਵੱਲੋਂ ਵੱਖ-ਵੱਖ ਸਕੂਲਾਂ ’ਚ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕਤਾ ਵੀ ਫੈਲਾਈ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਟਾਸਕ ਫੋਰਸ ਨੇ ਦੱਸਿਆ ਕਿ ਇਹ ਮੁਹਿੰਮ ਪੂਰੇ ਜ਼ਿਲ੍ਹੇ ’ਚ ਲਗਾਤਾਰ ਜਾਰੀ ਰਹੇਗੀ। ਸਕੂਲ ਪ੍ਰਬੰਧਨਾਂ ਨੂੰ ਹਦਾਇਤ ਕੀਤੀ ਗਈ ਕਿ ਡਰਾਈਵਰਾਂ ਦਾ ਸਮੇਂ-ਸਿਰ ਮੈਡੀਕਲ ਚੈੱਕਅਪ ਕਰਵਾਇਆ ਜਾਵੇ, ਡਰਾਈਵਰ ਤੇ ਅਟੈਂਡੈਂਟ ਯੂਨੀਫਾਰਮ ਪਹਿਨਣ, ਛੋਟੇ ਬੱਚਿਆਂ ਦੀ ਬੱਸ ’ਚ ਸੁਰੱਖਿਅਤ ਯਾਤਰਾ ਯਕੀਨੀ ਬਣਾਈ ਜਾਵੇ ਤੇ ਬੱਸਾਂ ’ਚ ਪਾਈਆਂ ਗਈਆਂ ਸਾਰੀਆਂ ਕਮੀਆਂ ਤੁਰੰਤ ਦੂਰ ਕੀਤੀਆਂ ਜਾਣ।