ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ’ਚ 2 ਗ੍ਰਿਫ਼ਤਾਰ
ਇੰਡਸਟਰੀਅਲ ਫੋਕਲ ਪੁਆਇੰਟ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਦੋ ਗ੍ਰਿਫ਼ਤਾਰ
Publish Date: Thu, 22 Jan 2026 06:17 PM (IST)
Updated Date: Fri, 23 Jan 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਿਸ ਨੇ ਗੈਂਗਸਟਰਾਂ ਨਾਲ ਨਜ਼ਦੀਕੀ ਸਬੰਧ ਰੱਖਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਦੋ ਵਿਅਕਤੀਆਂ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਰੇਸ਼ ਕੁਮਾਰ ਉਰਫ਼ ਲਾਡੀ ਵਾਸੀ ਸ਼ੰਕਰ ਨਗਰ, ਹਾਲ ਵਾਸੀ ਪੁਰਹੀਰਾਂ ਤੇ ਸੰਪਤਭੜਭਾਗਾ ਵਾਸੀ ਨਿਊ ਫਤਿਹਗੜ੍ਹ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ’ਚ ਤਾਇਨਾਤ ਏਐਸਆਈ ਦੀਪਕ ਕੁਮਾਰ ਨੂੰ ਮੁੱਖਬਰ ਖ਼ਾਸ ਵੱਲੋਂ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਨਰੇਸ਼ ਕੁਮਾਰ, ਸੰਪਤਭੜਭਾਗਾ, ਪੰਕਜ ਵਾਸੀ ਫਤਿਹਗੜ੍ਹ ਚੂੰਗੀ ਅਤੇ ਸੋਮ ਪਾਂਡੇ ਉਰਫ਼ ਨੀਤਿਨ ਉਰਫ਼ ਕਾਕਾ ਵਾਸੀ ਕੀਰਤੀ ਨਗਰ ਦੇ ਕੁਝ ਗੈਂਗਸਟਰਾਂ ਨਾਲ ਨਜ਼ਦੀਕੀ ਸਬੰਧ ਹਨ। ਪੁਲਿਸ ਨੇ ਕਿਹਾ ਕਿ ਸੂਚਨਾ ਅਨੁਸਾਰ ਇਹ ਵਿਅਕਤੀ ਕਥਿਤ ਤੌਰ ’ਤੇ ਗੈਂਗਸਟਰਾਂ ਨੂੰ ਪਨਾਹ ਦਿੰਦੇ ਅਤੇ ਆਮ ਲੋਕਾਂ ਨੂੰ ਡਰਾਉਣ-ਧਮਕਾਉਣ ਵਿੱਚ ਸ਼ਾਮਲ ਰਹਿੰਦੇ ਸਨ। ਪੁਲਿਸ ਦੇ ਅਨੁਸਾਰ ਇਹ ਆਪਣੇ ਗੈਂਗਸਟਰ ਸਾਥੀਆਂ ਨਾਲ ਮਿਲ ਕੇ ਅਲਜ਼ਾਮੀ ਤੌਰ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹੇ ਹਨ। ਪੁਲਿਸ ਨੇ ਦੱਸਿਆ ਕਿ ਸੂਚਨਾ ਸੱਚੀ, ਠੋਸ ਅਤੇ ਭਰੋਸੇਯੋਗ ਹੋਣ ਕਾਰਨ ਮਾਮਲਾ ਦਰਜ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਸੰਭਾਵਿਤ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।