ਪ੍ਰੋ. ਮੁਲਤਾਨੀ ਨੇ ਕੀਤੀ ਸਿਹਤ ਯੋਜਨਾ ਕਾਰਡ ਬਣਾਉਣ ਦੀ ਸ਼ੁਰੂਆਤ
ਮੁਕੇਰੀਆਂ 'ਚ ਪ੍ਰੋ. ਮੁਲਤਾਨੀ ਨੇ ਕੀਤੀ ਸਿਹਤ ਯੋਜਨਾ ਕਾਰਡ ਬਣਾਉਣ ਦੀ ਸ਼ੁਰੂਆਤ
Publish Date: Thu, 22 Jan 2026 05:55 PM (IST)
Updated Date: Fri, 23 Jan 2026 04:10 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਵੀਰਵਾਰ ਨੂੰ ਹਲਕਾ ਮੁਕੇਰੀਆਂ ਅੰਦਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜੀ ਐੱਸ ਮੁਲਤਾਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਅਧਿਕਾਰਕ ਤੌਰ ‘ਤੇ ਸ਼ੁਰੂ ਕਰ ਦਿੱਤੀ ਗਈ। ਇਸ ਯੋਜਨਾ ਦਾ ਮਕਸਦ ਆਮ ਨਾਗਰਿਕਾਂ ਨੂੰ ਉੱਚ-ਪੱਧਰੀ ਅਤੇ ਮੁੱਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਕਿਸੇ ਵੀ ਪਰਿਵਾਰ ਨੂੰ ਮਹਿੰਗੇ ਇਲਾਜ ਕਾਰਨ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਪ੍ਰੋ. ਮੁਲਤਾਨੀ ਨੇ ਇਸ ਯੋਜਨਾ ਨੂੰ ਇੱਕ ਮਿਸਾਲੀ ਅਤੇ ਇਤਿਹਾਸਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਲੋਕ ਭਲਾਈ ਯੋਜਨਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਯੋਗ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁੱਫ਼ਤ ਇਲਾਜ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿਹਤ ਕਾਰਡ ਬਣਾਉਣ ਲਈ ਲਾਭਪਾਤਰੀ ਨੂੰ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਕਰਨਾ ਪਵੇਗਾ ਤੇ ਸਿਹਤ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਵੱਲੋਂ ਭਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਖ਼ਾਸ ਕਰਕੇ ਗਰੀਬ, ਮੱਧ ਵਰਗ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਪ੍ਰੋ. ਮੁਲਤਾਨੀ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਲੋਕ ਭਲਾਈ ਦੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਰੁਜ਼ਗਾਰ ਵਰਗੇ ਖੇਤਰਾਂ ਵਿੱਚ ਸਰਕਾਰ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੀ ਤਰਜੀਹ ਆਮ ਆਦਮੀ ਦੀ ਭਲਾਈ ਹੈ। ਪ੍ਰੋ. ਮੁਲਤਾਨੀ ਨੇ ਹਲਕਾ ਮੁਕੇਰੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸਿਹਤ ਕਾਰਡ ਬਣਵਾਉਣ ਅਤੇ ਇਸ ਯੋਜਨਾ ਦਾ ਪੂਰਾ ਲਾਭ ਲੈਣ। ਉਨ੍ਹਾਂ ਕਿਹਾ ਕਿ ਸਿਹਤ ਕਾਰਡ ਨਾਲ ਗੰਭੀਰ ਬੀਮਾਰੀਆਂ ਦੇ ਇਲਾਜ ਦੌਰਾਨ ਵਿੱਤੀ ਤਣਾਅ ਤੋਂ ਬਚਾਅ ਹੋਵੇਗਾ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਆਸਾਨੀ ਨਾਲ ਉਪਲਬਧ ਹੋਣਗੀਆਂ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਹਰਜੀਤ ਸਿੰਘ ਸਹੋਤਾ, ਐੱਮਸੀ ਮਾਸਟਰ ਸੇਵਾ ਸਿੰਘ, ਰਾਜੀਵ ਰਾਣਾ ਚੇਅਰਮੈਨ ਵਪਾਰ ਵਿੰਗ, ਸੰਦੀਪ ਕੁਮਾਰ ਟਿੰਮਾ ਹਲਕਾ ਕੋਆਰਡੀਨੇਟਰ ਵਿਰਾਸਤ ਸੇਵਾ ਸੰਗਠਨ, ਸੁਰਿੰਦਰ ਠਾਕੁਰ, ਜਤਿੰਦਰ ਸ਼ਰਮਾ, ਅਮਿਤ ਕੁਮਾਰ, ਬਲਵਿੰਦਰ ਸੋਨੀ, ਰਾਮ ਕੁਮਾਰ, ਐਡਵੋਕੇਟ ਗੁਰਿੰਦਰਜੀਤ ਸਿੰਘ ਸੰਗਠਨ ਇੰਚਾਰਜ, ਅਜੇਪਾਲ ਸਿੰਘ, ਸ਼ਾਮ ਸਿੰਘ ਸ਼ਾਮਾ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।