ਵਿਦੇਸ਼ ਤੋਂ ਨੌਜਵਾਨ ਦੀ ਲਾਸ਼ ਤਾਬੂਤ 'ਚ ਪੁੱਜੀ ਮੁਕੇਰੀਆਂ
ਵਿਦੇਸ਼ ਤੋਂ ਨੌਜਵਾਨ ਦੀ ਲਾਸ਼ ਤਾਬੂਤ 'ਚ ਪੁੱਜੀ ਮੁਕੇਰੀਆਂ
Publish Date: Thu, 22 Jan 2026 05:25 PM (IST)
Updated Date: Fri, 23 Jan 2026 04:07 AM (IST)

ਮੁਕੇਰੀਆਂ ਇਲਾਕੇ ਚ ਸੋਗ ਦੀ ਲਹਿਰ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਮੁਹੱਲਾ ਤਿੱਖੋਵਾਲ ’ਚ ਉਸ ਸਮੇਂ ਮਾਹੌਲ ਸੋਗਮਈ ਹੋ ਗਿਆ, ਜਦੋਂ ਵਿਦੇਸ਼ ’ਚ ਰੋਜ਼ੀ-ਰੋਟੀ ਕਮਾਉਣ ਗਏ ਇੱਕ ਨੌਜਵਾਨ ਦੀ ਲਾਸ਼ ਤਾਬੂਤ ’ਚ ਬੰਦ ਉਸ ਦੇ ਘਰ ਪੁੱਜੀ। ਮ੍ਰਿਤਕ ਦੀ ਪਛਾਣ ਤਜਿੰਦਰ ਕੁਮਾਰ ਉਰਫ਼ ਰਿੰਕੂ (35) ਪੁੱਤਰ ਤਿਲਕ ਰਾਜ ਵਾਸੀ ਵਾਰਡ ਨੰਬਰ 11 ਮੁਹੱਲਾ ਤਿੱਖੋਵਾਲ ਥਾਣਾ ਮੁਕੇਰੀਆਂ ਵਜੋਂ ਹੋਈ ਹੈ। ਉੱਜਵਲ ਭਵਿੱਖ ਦੀ ਆਸ ਨਾਲ ਵਿਦੇਸ਼ ਗਏ ਨੌਜਵਾਨ ਦੀ ਅਚਾਨਕ ਮੌਤ ਨਾਲ ਉਸ ਦੀ ਪਤਨੀ, ਧੀ, ਮਾਪੇ ਤੇ ਭਰਾ-ਭੈਣ ਗਹਿਰੇ ਸਦਮੇ ’ਚ ਹਨ, ਜਦਕਿ ਪੂਰੇ ਇਲਾਕੇ ਵਿੱਚ ਵੀ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਭਰਾ ਸੰਨੀ ਤੇ ਸਮਾਜ-ਸੇਵੀ ਰਾਜੇਸ਼ ਰੱਤੂ ਨੇ ਦੱਸਿਆ ਕਿ ਤਜਿੰਦਰ ਕੁਮਾਰ ਕਰੀਬ ਡੇਢ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ’ਚ ਅਰਮੀਨੀਆ ਗਿਆ ਸੀ। ਉੱਥੋਂ ਉਹ ਲਗਭਗ 7 ਮਹੀਨੇ ਪਹਿਲਾਂ ਫਰਾਂਸ ਪੁੱਜਾ ਤੇ ਮੌਜੂਦਾ ਸਮੇਂ ਪੈਰਿਸ ’ਚ ਕੰਮ ਕਰ ਰਿਹਾ ਸੀ। ਇਸੇ ਦੌਰਾਨ 27 ਨਵੰਬਰ ਨੂੰ ਫਰਾਂਸ ’ਚ ਇੱਕ ਉਦਯੋਗਿਕ ਪਲਾਂਟ ’ਚ ਕੰਮ ਕਰਦੇ ਸਮੇਂ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ’ਚ ਤਜਿੰਦਰ ਕੁਮਾਰ ਦੀ ਮੌਤ ਹੋ ਗਈ। ਇਸ ਹਾਦਸੇ ’ਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਹਟਲੀ ਦੇ ਰਹਿਣ ਵਾਲਾ ਸਾਹਿਲ ਰਾਣਾ (20) ਪੁੱਤਰ ਵਰਿੰਦਰ ਰਾਣਾ ਵੀ ਆਪਣੀ ਜਾਨ ਗੁਆ ਬੈਠਾ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਅਥਾਰਿਟੀਆਂ ਵੱਲੋਂ ਕੀਤੀ ਗਈ ਜਾਂਚ ਤੇ ਕਾਨੂੰਨੀ ਪ੍ਰਕਿਰਿਆ ਕਾਰਨ ਮ੍ਰਿਤਕ ਦੀ ਲਾਸ਼ ਕਰੀਬ 2 ਮਹੀਨੇ ਬਾਅਦ ਭਾਰਤ ਲਿਆਈ ਜਾ ਸਕੀ ਹੈ ਤੇ ਵੀਰਵਾਰ ਨੂੰ ਤਜਿੰਦਰ ਕੁਮਾਰ ਉਰਫ਼ ਰਿੰਕੂ ਦੀ ਲਾਸ਼ ਮੁਕੇਰੀਆਂ ਉਸ ਦੇ ਘਰ ਪੁੱਜੀ, ਜਿੱਥੇ ਉਸ ਦਾ ਧਾਰਮਿਕ ਰਵਾਇਤਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਰਾਜੇਸ਼ ਰੱਤੂ, ਐਡਵੋਕੇਟ ਦਿਵਾਕਰ ਮਹਾਜਨ, ਤਿਲਕ ਰਾਜ, ਕਮਲ ਰੱਤੂ, ਸੱਭਿਆ ਸਾਂਚੀ, ਵਿਨੋਦ ਕੁਮਾਰ ਫੌਜੀ, ਸੰਨੀ ਕੁਮਾਰ, ਮੁਕੇਸ਼ ਕੁਮਾਰ, ਡਾ. ਰਵੀ ਕੁਮਾਰ, ਪ੍ਰਦੀਪ ਖਤਰਾ, ਵਿਨੈ ਸੋਨੀ ਸਮੇਤ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ’ਚ ਲੋਕਾਂ ਨੇ ਨਮ ਅੱਖਾਂ ਨਾਲ ਮ੍ਰਿਤਕ ਤਜਿੰਦਰ ਕੁਮਾਰ ਰਿੰਕੂ ਨੂੰ ਅੰਤਿਮ ਵਿਦਾਈ ਦਿੱਤੀ। ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਰਾਂਸ ਦੇ ਪੈਰਿਸ ’ਚ ਸਥਿਤ ਰਵਿਦਾਸੀਆ ਕਮਿਊਨਿਟੀ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਲਾਸ਼ ਨੂੰ ਦੇਸ਼ ਵਾਪਸ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਮਿਊਂਸੀਪਲ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਰਵਿਦਾਸੀਆ ਕਮਿਊਨਿਟੀ ਵੈੱਲਫੇਅਰ ਐਸੋਸੀਏਸ਼ਨ ਅਤੇ ਉਸ ਦੀ ਪੂਰੀ ਕਮੇਟੀ ਦਾ ਧੰਨਵਾਦ ਕੀਤਾ।