ਐੱਨਆਰਆਈ ਥਾਣਾ ਹੁਸ਼ਿਆਰਪੁਰ ਵੱਲੋਂ ਇਸ਼ਤਿਹਾਰੀ ਦੋਸ਼ੀ ਗ੍ਰਿਫ਼ਤਾਰ
ਐਨਆਰਆਈ ਥਾਣਾ ਹੁਸ਼ਿਆਰਪੁਰ ਵੱਲੋਂ ਇਸ਼ਤਿਹਾਰੀ ਦੋਸ਼ੀ ਗ੍ਰਿਫ਼ਤਾਰ
Publish Date: Thu, 22 Jan 2026 05:21 PM (IST)
Updated Date: Fri, 23 Jan 2026 04:07 AM (IST)
ਹੁਸ਼ਿਆਰਪੁਰ : ਐਨਆਰਆਈ ਥਾਣਾ ਹੁਸ਼ਿਆਰਪੁਰ ਦੀ ਪੁਲਿਸ ਨੇ ਅਦਾਲਤ ਵੱਲੋਂ ਮੁਜਰਿਮ ਇਸ਼ਤਿਹਾਰੀ ਘੋਸ਼ਿਤ ਕੀਤੀ ਗਈ ਦੋਸ਼ੀ ਜਸਵਿੰਦਰ ਕੌਰ ਉਰਫ਼ ਬੇਬੀ ਵਾਸੀ ਪਿੰਡ ਕਿੱਤਣਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੋਸ਼ੀ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫਸਰ, ਐੱਨਆਰਆਈ ਥਾਣਾ ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਕਿ ਮੁਕੱਦਮਾ ਨੰਬਰ 20 ਮਿਤੀ 30 ਜੁਲਾਈ, 2019, ਇੰਡੀਆਨ ਪੀਨਲ ਕੋਡ ਦੇ ਅਧੀਨ ਧਾਰਾ 420, 427, 448, 511, 506, 380 ਅਤੇ 120-ਬੀ, ਥਾਣਾ ਐੱਨਆਰਆਈ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਹੈ। ਇਸ ਮਾਮਲੇ ਵਿੱਚ ਪਰਮਜੀਤ ਰਾਏਪੁਰੀ ਵਾਸੀ ਪਿੰਡ ਕਿੱਤਣਾ (ਹਾਲ ਵਾਸੀ ਜਰਮਨੀ) ਵੱਲੋਂ ਦੋਸ਼ ਲਗਾਏ ਗਏ ਸਨ ਕਿ ਦੋਸ਼ੀਆਂ ਨੇ ਸਾਂਝੀ ਸਾਜ਼ਿਸ਼ ਤਹਿਤ ਉਸ ਦੇ ਬਣ ਰਹੇ ਮਕਾਨ ਦੀਆਂ ਕੰਧਾਂ ਢਾਹ ਦਿੱਤੀਆਂ, ਨਿਰਮਾਣ ਸਮੱਗਰੀ ਚੋਰੀ ਕੀਤੀ ਤੇ ਧਮਕੀਆਂ ਦਿੱਤੀਆਂ।
ਮਾਮਲੇ ਦੇ ਚਲਾਨ 6 ਮਈ 2021 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਸਨ। ਜਸਵਿੰਦਰ ਕੌਰ ਉਰਫ਼ ਬੇਬੀ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ, ਮਾਨਯੋਗ ਅਦਾਲਤ ਵੱਲੋਂ 22 ਅਕਤੂਬਰ 2024 ਨੂੰ ਉਸ ਨੂੰ ਮੁਜਰਿਮ ਇਸ਼ਤਿਹਾਰੀ ਘੋਸ਼ਿਤ ਕੀਤਾ ਗਿਆ ਸੀ। ਐੱਲਓਸੀ (ਲੁੱਕ ਆਉਟ ਸਰਕੁਲਰ) ਦੇ ਆਧਾਰ ’ਤੇ ਸਬ-ਇੰਸਪੈਕਟਰ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਸਤਕਾਰ ਸਿੰਘ, ਏਐੱਸਆਈ ਕ੍ਰਿਸ਼ਨ ਲਾਲ ਤੇ ਐੱਲ/ਐੱਚਸੀ ਹਰਜੀਤ ਕੌਰ ਦੀ ਟੀਮ ਨੇ ਦੋਸ਼ੀ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ।