ਯੁੱਧ ਨਸ਼ੇ ਵਿਰੁੱਧ ਪ੍ਰੀਮੀਅਰ ਲੀਗ ਦਾ ਫਾਈਨਲ ਡੀਸੀ-11 ਤੇ ਐੱਸਐੱਸਪੀ-11 ਵਿਚਾਲੇ
ਯੁੱਧ ਨਸ਼ੇ ਵਿਰੁੱਧ ਪ੍ਰੀਮੀਅਰ ਲੀਗ ਦਾ ਫਾਈਨਲ ਡੀਸੀ-11 ਤੇ ਐੱਸਐੱਸਪੀ-11 ਵਿਚਕਾਰ ਹੋਵੇਗਾ : ਡਾ. ਘਈ
Publish Date: Thu, 22 Jan 2026 05:18 PM (IST)
Updated Date: Fri, 23 Jan 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐੱਚਡੀਸੀਏ) ਵੱਲੋਂ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਕਰਵਾਈ ਜਾ ਰਹੀ ਦੂਜੀ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰੀਮੀਅਰ ਲੀਗ ਦਾ ਫਾਈਨਲ ਮੁਕਾਬਲਾ ਡੀਸੀ-11 ਅਤੇ ਐੱਸਐੱਸਪੀ-11 ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਡੀਸੀ-11 ਨੇ ਸੈਮੀਫਾਈਨਲ ਦੇ ਆਖਰੀ ਅਤੇ ਫੈਸਲਾਕੁਨ ਮੈਚ ਵਿੱਚ ਸੋਨਾਲਿਕਾ-11 ਨੂੰ ਹਰਾਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਡਾ. ਘਈ ਨੇ ਦੱਸਿਆ ਕਿ ਸੋਨਾਲਿਕਾ-11 ਨੇ ਟਾਸ ਜਿੱਤ ਕੇ ਡੀਸੀ-11 ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ, ਜੋ ਉਸ ਲਈ ਘਾਤਕ ਸਾਬਤ ਹੋਇਆ। ਡੀਸੀ-11 ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 188 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨ ਡਾ. ਪੰਕਜ ਸ਼ਿਵ ਅਤੇ ਤੇਜਿੰਦਰ ਚੱਢਾ ਨੇ ਸ਼ਾਨਦਾਰ ਅਰਧਸ਼ਤਕੀ ਪਾਰੀਆਂ ਖੇਡੀਆਂ। ਤੇਜਿੰਦਰ ਚੱਢਾ ਨੇ 65 ਅਤੇ ਡਾ. ਪੰਕਜ ਸ਼ਿਵ ਨੇ 50 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡਾ. ਉਪਿੰਦਰ ਸੰਧੂ ਨੇ 22 ਅਤੇ ਡਾ. ਰੋਹਿਤ ਰਜਤ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਸੋਨਾਲਿਕਾ-11 ਵੱਲੋਂ ਗੇਂਦਬਾਜ਼ੀ ਕਰਦੇ ਹੋਏ ਸਨੀਲ ਸੂਦ ਨੇ 4 ਜਦਕਿ ਵਿਸ਼ਾਲ ਪਟਿਆਲ, ਕੁਲਦੀਪ ਸਿੰਘ ਅਤੇ ਅੰਗਾਰਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੋਨਾਲਿਕਾ-11 ਦੀ ਟੀਮ 17.4 ਓਵਰਾਂ ਵਿੱਚ 133 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਵੱਲੋਂ ਪਵਨ ਸ਼ਰਮਾ ਨੇ 26, ਅੰਕੁਸ਼ ਨੇ 21 ਅਤੇ ਦਿਨੇਸ਼ ਨੇ 13 ਦੌੜਾਂ ਬਣਾਈਆਂ। ਡੀਸੀ-11 ਦੀ ਗੇਂਦਬਾਜ਼ੀ ਕਾਫੀ ਪ੍ਰਭਾਵਸ਼ਾਲੀ ਰਹੀ, ਜਿੱਥੇ ਡਾ. ਉਪਿੰਦਰ ਸੰਧੂ ਨੇ 4 ਵਿਕਟਾਂ, ਰੋਹਿਤ ਰਜਤ ਨੇ 2 ਅਤੇ ਡਾ. ਪੰਕਜ ਸ਼ਿਵ, ਤਲਵਿੰਦਰ ਤੇ ਅਰਵਿੰਦ ਸੈਨੀ ਨੇ ਇੱਕ-ਇੱਕ ਵਿਕਟ ਲਈ। ਇਸ ਤਰ੍ਹਾਂ ਡੀਸੀ-11 ਨੇ ਮੈਚ ਜਿੱਤ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਡਾ. ਘਈ ਨੇ ਦੱਸਿਆ ਕਿ ਦੂਜੀ ਸ਼ਹੀਦ ਭਗਤ ਸਿੰਘ ਯਾਦਗਾਰੀ ਯੁੱਧ ਨਸ਼ੇ ਵਿਰੁੱਧ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ ਡੀਸੀ-11 ਅਤੇ ਐੱਸਐੱਸਪੀ-11 ਦਰਮਿਆਨ ਖੇਡਿਆ ਜਾਵੇਗਾ। ਇਸ ਮੌਕੇ ਐਚਡੀਸੀਏ ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਨੌਜਵਾਨਾਂ, ਜ਼ਿਲ੍ਹੇ ਦੇ ਕਾਰਪੋਰੇਟ ਸੈਕਟਰ ਅਤੇ ਸਰਕਾਰੀ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਕੁਮਾਰ, ਟ੍ਰੇਨਰ ਅਤੇ ਰਾਸ਼ਟਰੀ ਖਿਡਾਰੀ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਅਤੇ ਜੂਨੀਅਰ ਕੋਚ ਨੀਕਿਤਾ ਕੁਮਾਰੀ ਵੱਲੋਂ ਨਸ਼ਿਆਂ ਵਿਰੁੱਧ ਖੇਡੀ ਜਾ ਰਹੀ ਇਸ ਪ੍ਰੀਮੀਅਰ ਲੀਗ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਡਾ. ਘਈ ਨੇ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੀਨੀਅਰ ਅਤੇ ਜੂਨੀਅਰ ਵਰਗ ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ ਜਾ ਸਕੇ।