ਵਿਦਿਆਰਥੀਆਂ ਨੇ ਕਲਾਤਮਕ ਮੁਕਾਬਲਿਆਂ ’ਚ ਦਿਖਾਈ ਪ੍ਰਤਿਭਾ
ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਸਾਹਿਤਿਕ ਤੇ ਕਲਾਤਮਕ ਮੁਕਾਬਲਿਆਂ ਵਿੱਚ ਦਿਖਾਈ ਪ੍ਰਤਿਭਾ
Publish Date: Thu, 22 Jan 2026 04:55 PM (IST)
Updated Date: Fri, 23 Jan 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਸਾਹਿਤਿਕ ਅਤੇ ਕਲਾਤਮਕ ਮੁਕਾਬਲਿਆਂ ਵਿੱਚ ਭਾਗ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਹੇਠ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਗੁਰਚਰਨ ਸਿੰਘ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਇਹ ਪ੍ਰਾਪਤੀ ਹਾਸਲ ਕੀਤੀ। ‘ਰਾਸ਼ਟਰੀ ਯੁਵਾ ਦਿਵਸ’ ਦੇ ਮੌਕੇ ਯੁਵਕ ਸੇਵਾਵਾਂ ਵਿਭਾਗ, ਹੁਸ਼ਿਆਰਪੁਰ ਵੱਲੋਂ ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖ਼ਸ਼ (ਮੁਕੇਰੀਆਂ) ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਅੰਤਰ-ਕਾਲਜ ਸਾਹਿਤਿਕ ਅਤੇ ਕਲਾਤਮਕ ਮੁਕਾਬਲਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਅਤੇ ਸੁੰਦਰ ਲਿਖਾਈ ਵਰਗੇ ਸਾਹਿਤਿਕ ਮੁਕਾਬਲਿਆਂ ਦੇ ਨਾਲ-ਨਾਲ ਕਲੇ ਮਾਡਲਿੰਗ, ਕਾਰਟੂਨਿੰਗ ਅਤੇ ਪੋਸਟਰ ਮੇਕਿੰਗ ਵਰਗੇ ਕਲਾਤਮਕ ਮੁਕਾਬਲਿਆਂ ਵਿੱਚ ਵੀ ਉਤਸ਼ਾਹ ਨਾਲ ਭਾਗ ਲਿਆ। ਕਲੇ ਮਾਡਲਿੰਗ ਮੁਕਾਬਲੇ ਵਿੱਚ ਬੀ.ਬੀ.ਏ. ਸਮੈਸਟਰ ਦੂਜੇ ਦੇ ਵਿਦਿਆਰਥੀ ਅਭਿਸ਼ੇਕ ਆਸੀ ਨੇ ਦੂਜਾ ਇਨਾਮ ਜਿੱਤਿਆ, ਜਦਕਿ ਬੀ.ਐਸ.ਸੀ. ਸਮੈਸਟਰ ਛੇਵੀਂ ਦੀ ਵਿਦਿਆਰਥਣ ਮਹਿਕ ਨੇ ਤੀਸਰਾ ਇਨਾਮ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤਿਯੋਗਤਾਵਾਂ ਵਿੱਚ ਭਾਗੀਦਾਰੀ ਨਾਲ ਵਿਦਿਆਰਥੀਆਂ ਦੇ ਭਾਸ਼ਾਈ, ਸਾਹਿਤਿਕ ਅਤੇ ਕਲਾਤਮਕ ਹੁਨਰਾਂ ਦਾ ਸਰਵਾਂਗੀਣ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਗੁਰਚਰਨ ਸਿੰਘ ਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਮੁਖੀ ਪ੍ਰੋ. ਨੇਹਾ ਵੀ ਮੌਜੂਦ ਸਨ।