ਟਿੰਮਾ ਵਿਰਾਸਤ ਸੇਵਾ ਸੰਗਠਨ ਦੇ ਹਲਕਾ ਕੋ-ਆਰਡੀਨੇਟਰ ਨਿਯੁਕਤ
ਸੰਦੀਪ ਕੁਮਾਰ ਟਿੰਮਾ ਵਿਰਾਸਤ ਸੇਵਾ ਸੰਗਠਨ ਦੇ ਹਲਕਾ ਕੋਆਰਡੀਨੇਟਰ ਨਿਯੁਕਤ
Publish Date: Thu, 22 Jan 2026 04:53 PM (IST)
Updated Date: Fri, 23 Jan 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਆਮ ਆਦਮੀ ਪਾਰਟੀ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਮੁਕੇਰੀਆਂ ਹਲਕੇ ਦੇ ਸਰਗਰਮ ਅਤੇ ਜ਼ਮੀਨੀ ਪੱਧਰ ‘ਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਗੂ ਸੰਦੀਪ ਕੁਮਾਰ ਟਿੰਮਾ ਨੂੰ ਵਿਰਾਸਤ ਸੇਵਾ ਸੰਗਠਨ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੀ ਗਈ ਹੈ। ਇਸ ਨਿਯੁਕਤੀ ਨਾਲ ਮੁਕੇਰੀਆਂ ਹਲਕੇ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਸਥਾਨਕ ਰੈੱਸਟ ਹਾਊਸ ਵਿਖੇ ਇਕੱਠੇ ਹੋ ਕੇ ਸੰਦੀਪ ਕੁਮਾਰ ਟਿੰਮਾ ਦਾ ਭਰਪੂਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਵਰਕਰਾਂ ਨੇ ਕਿਹਾ ਕਿ ਟਿੰਮਾ ਇੱਕ ਇਮਾਨਦਾਰ, ਮਿਹਨਤੀ ਅਤੇ ਜਨਤਾ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਆਗੂ ਹਨ, ਜੋ ਹਮੇਸ਼ਾ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਦੇ ਆਏ ਹਨ। ਇਸ ਸਮੇਂ ਸੰਦੀਪ ਕੁਮਾਰ ਟਿੰਮਾ ਨੇ ਸਮੁੱਚੀ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਵਿਰਾਸਤ ਸੇਵਾ ਸੰਗਠਨ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਤੀਰਥ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਵਿਚ ਮਦਦ ਕਰਨਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਰਧਾਲੂਆਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਨਾਲ ਸੰਗਤਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਇਸ ਯੋਜਨਾ ਨੂੰ ਸਰਕਾਰ ਵਲੋਂ ਨਿਰਵਿਘਨ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਬਜ਼ੁਰਗ ਇਸ ਤੋਂ ਵਾਂਝਾ ਨਾ ਰਹਿ ਸਕੇ। ਮੁਕੇਰੀਆਂ ਹਲਕੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਾ ਵੀ ਉਨ੍ਹਾਂ ਦੀ ਤਰਜੀਹ ਰਹੇਗੀ। ਇਸ ਮੌਕੇ ਕਈ ਸੀਨੀਅਰ ਪਾਰਟੀ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੰਦੀਪ ਕੁਮਾਰ ਟਿੰਮਾ ਦੀ ਨਿਯੁਕਤੀ ਨਾਲ ਹਲਕੇ ਵਿੱਚ ਪਾਰਟੀ ਦੀ ਸਰਗਰਮੀ ਨੂੰ ਨਵਾਂ ਜੋਸ਼ ਮਿਲੇਗਾ। ਇਸ ਮੌਕੇ ਮੁਕੇਸ਼ ਸ਼ਰਮਾ, ਰਿਟਾ. ਇੰਸਪੈਕਟਰ ਤੀਰਥ ਰਾਮ, ਬੈਨੀ ਮਨਹਾਸ ਵਾਈਸ ਚੇਅਰਮੈਨ ਰਾਜਪੂਤ ਭਲਾਈ ਬੋਰਡ, ਸ਼ਾਮ ਸਿੰਘ ਸ਼ਾਮਾ, ਰਾਹੁਲ ਸ਼ਰਮਾ, ਲਾਡੀ ਸ਼ੇਰੋਵਾਲੀਆ, ਹੈਪੀ ਕਤਨਾ, ਅਸ਼ਵਨੀ ਨੰਗਲ, ਤਰਵਿੰਦਰ ਸਿੰਘ, ਅਭਿਸ਼ੇਕ ਰਾਠੌਰ ਸਮੇਤ ਵੱਡੀ ਗਿਣਤੀ ਪਾਰਟੀ ਆਗੂਆਂ ਤੇ ਵਰਕਰਾਂ ਨੇ ਸੰਦੀਪ ਕੁਮਾਰ ਟਿੰਮਾ ਨੂੰ ਨਵੀਂ ਜਿੰਮੇਵਾਰੀ ਲਈ ਮੁਬਾਰਕਬਾਦ ਭੇਟ ਕੀਤੀ।