‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਦੀ ਵਿਸ਼ੇਸ਼ ਟ੍ਰੇਨਿੰਗ
‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਦੀ ਵਿਸ਼ੇਸ਼ ਟ੍ਰੇਨਿੰਗ
Publish Date: Tue, 20 Jan 2026 07:44 PM (IST)
Updated Date: Wed, 21 Jan 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਿਆਂ ਦੇ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਸਿੱਖਿਆ ਸੰਸਥਾ ਪ੍ਰਥਮ ਦੀ ਟੀਮ ਵੱਲੋਂ ‘ਪੋਸ਼ਣ ਵੀ, ਪੜ੍ਹਾਈ ਵੀ’ ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਲਈ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ। ਇਹ ਟ੍ਰੇਨਿੰਗ ਮਿਡਲ ਲੈਵਲ ਟ੍ਰੇਨਿੰਗ ਸੈਂਟਰ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ 930 ਆਂਗਨਵਾੜੀ ਵਰਕਰਾਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀ ਟ੍ਰੇਨਿੰਗ ਉਨ੍ਹਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ। ਪ੍ਰਥਮ ਟੀਮ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਪੋਸ਼ਣ ਸਥਿਤੀ ਅਤੇ ਵਿਕਾਸ ਦੀ ਨਿਗਰਾਨੀ, ਖੇਡ-ਆਧਾਰਿਤ ਅਤੇ ਗਤੀਵਿਧੀ-ਆਧਾਰਿਤ ਸਿੱਖਣ ਤਰੀਕਿਆਂ, ਕਹਾਣੀ ਸੁਣਾਉਣ, ਗੀਤਾਂ ਅਤੇ ਸਥਾਨਕ ਸਿੱਖਣ ਸਮੱਗਰੀ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਮਾਪਿਆਂ ਦੀ ਭਾਗੀਦਾਰੀ, ਘਰੇਲੂ ਗਤੀਵਿਧੀਆਂ ਅਤੇ ਬੱਚਿਆਂ ਵਿੱਚ ਸਿੱਖਣ ਦੀ ਦਿਲਚਸਪੀ ਪੈਦਾ ਕਰਨ ਉਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਟੀਮ ਦੇ ਮੈਂਬਰਾਂ ਨੇ ਪ੍ਰੈਕਟਿਕਲ ਉਦਾਹਰਨਾਂ ਅਤੇ ਡੈਮੋਨਸਟ੍ਰੇਸ਼ਨ ਰਾਹੀਂ ਟ੍ਰੇਨਿੰਗ ਪ੍ਰਦਾਨ ਕੀਤੀ। ਅੰਤ ਵਿੱਚ ਹੋਈ ਵਿਚਾਰ-ਵਟਾਂਦਰੇ ਦੌਰਾਨ ਆਂਗਣਵਾੜੀ ਵਰਕਰਾਂ ਨੇ ਟ੍ਰੇਨਿੰਗ ਨੂੰ ਲਾਭਕਾਰੀ ਦੱਸਦਿਆਂ ਆਪਣੇ-ਆਪਣੇ ਕੇਂਦਰਾਂ ਵਿੱਚ ਸਿੱਖੀਆਂ ਗਈਆਂ ਗਤੀਵਿਧੀਆਂ ਲਾਗੂ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਪ੍ਰਥਮ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੋਵਾਂ ਵਿੱਚ ਸੁਧਾਰ ਆਵੇਗਾ।