ਜ਼ਮੀਨੀ ਵਿਵਾਦ ਦੌਰਾਨ ਗੋਲੀਕਾਂਡ ਤੇ ਮਾਰਕੁੱਟ, 2 ਕ੍ਰਾਸ ਮੁਕੱਦਮੇ ਦਰਜ
ਦਸੂਹਾ ‘ਚ ਜ਼ਮੀਨੀ ਵਿਵਾਦ ਦੌਰਾਨ ਗੋਲੀਕਾਂਡ ਤੇ ਮਾਰਕੁੱਟ, ਦੋ ਕ੍ਰਾਸ ਮੁਕੱਦਮੇ ਦਰਜ
Publish Date: Tue, 20 Jan 2026 06:38 PM (IST)
Updated Date: Wed, 21 Jan 2026 04:12 AM (IST)

ਇੱਕ ਕੇਸ ’ਚ 3 ਨਾਮਜ਼ਦ, 2 ਗ੍ਰਿਫ਼ਤਾਰ; ਦੂਜੇ ਕ੍ਰਾਸ ਕੇਸ ‘ਚ 5 ਨਾਮਜ਼ਦ, 4 ਗ੍ਰਿਫ਼ਤਾਰ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਅਤੇ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਦਸੂਹਾ ਪੁਲਿਸ ਨੇ ਭਾਰਤੀਯ ਨਿਆਯ ਸੰਹਿਤਾ ਅਤੇ ਆਰਮਜ਼ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕੁੱਲ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚੋਂ 6 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ, ਦਲੀਪ ਸਿੰਘ ਵਾਸੀ ਬੈਗੋਵਾਲ (ਜ਼ਿਲ੍ਹਾ ਕਪੂਰਥਲਾ) ਦੀ 8 ਕਿੱਲੇ 1 ਕਨਾਲ ਜ਼ਮੀਨ ਜੋ ਪਿੰਡ ਉਸਮਾਨ ਸ਼ਹੀਦ ’ਚ ਹੈ, ਉਸ ਦੇ ਪੁੱਤਰਾਂ ਸਰੂਪ ਸਿੰਘ ਤੇ ਗੁਰਮੇਜ ਸਿੰਘ ’ਚ ਬਰਾਬਰ ਵੰਡ ਹੋਣੀ ਸੀ ਪਰ ਗੁਰਮੇਜ ਸਿੰਘ ਨੇ ਆਪਣੇ ਹਿੱਸੇ ਦੀ 4 ਕਿੱਲੇ 10 ਮਰਲੇ ਜ਼ਮੀਨ ਬਿਨਾਂ ਤਕਸੀਮ ਕੀਤੇ ਗੁਰਦੀਪ ਸਿੰਘ ਵਾਸੀ ਦਸੂਹਾ ਦੇ ਪੁੱਤਰ ਸੁਖਦੇਵ ਸਿੰਘ ਨੂੰ ਵੇਚ ਦਿੱਤੀ, ਜੋ ਵਿਦੇਸ਼ ਰਹਿੰਦਾ ਹੈ। ਬੀਤੇ ਦਿਨ ਜ਼ਮੀਨ ਦੀ ਵੰਡ ਸਬੰਧੀ ਪਿੰਡ ਉਸਮਾਨ ਸ਼ਹੀਦ ’ਚ ਗੱਲਬਾਤ ਦੌਰਾਨ ਦਲੀਪ ਸਿੰਘ ਦੇ ਪੋਤੇ ਗੁਰਨਾਮ ਸਿੰਘ ਪੁੱਤਰ ਸਰੂਪ ਸਿੰਘ ਦਾ ਦੂਜੀ ਧਿਰ ਨਾਲ ਤਕਰਾਰ ਹੋ ਗਈ। ਦੋਸ਼ ਹੈ ਕਿ ਦੂਜੀ ਧਿਰ ਦੇ ਕੁਲਵਿੰਦਰ ਸਿੰਘ ਵਾਸੀ ਦਸੂਹਾ ਨੇ ਡਬਲ ਬੈਰਲ ਰਾਈਫਲ ਨਾਲ ਗੋਲੀ ਚਲਾਈ, ਜਿਸ ਤੋਂ ਬਚਣ ਲਈ ਗੁਰਨਾਮ ਸਿੰਘ ਕਮਾਦ ਦੇ ਖੇਤ ’ਚ ਵੜ ਗਿਆ। ਬਾਅਦ ’ਚ ਉਸ ਨੂੰ ਬਾਹਰ ਕੱਢ ਕੇ ਰਾਈਫਲ ਦੇ ਬੱਟ ਤੇ ਲੱਤਾਂ-ਮੁੱਕਿਆਂ ਨਾਲ ਕਥਿਤ ਕੁੱਟਮਾਰ ਕੀਤੀ ਗਈ। ਜ਼ਖ਼ਮੀ ਗੁਰਨਾਮ ਸਿੰਘ ਨੂੰ ਸਿਵਲ ਹਸਪਤਾਲ ਦਸੂਹਾ ’ਚ ਦਾਖ਼ਲ ਕਰਵਾਇਆ ਗਿਆ। ਇਸ ਕੇਸ ’ਚ ਪੁਲਿਸ ਨੇ ਕੁਲਵਿੰਦਰ ਸਿੰਘ ਤੇ ਉਸ ਦੇ ਪਿਤਾ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਨਾਮਜ਼ਦ ਦੀ ਭਾਲ ਜਾਰੀ ਹੈ। ਦੂਜੇ ਪਾਸੇ, ਇਸੇ ਘਟਨਾ ਸਬੰਧੀ ਕ੍ਰਾਸ ਕੇਸ ਗੁਰਦੀਪ ਸਿੰਘ ਵਾਸੀ ਦਸੂਹਾ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤਰ ਵੱਲੋਂ ਖਰੀਦੀ ਗਈ ਜ਼ਮੀਨ ਦੀ ਵੰਡ ਦੌਰਾਨ ਗੁਰਨਾਮ ਸਿੰਘ ਧਿਰ ਵੱਲੋਂ ਝਗੜਾ ਕੀਤਾ ਗਿਆ। ਦੋਸ਼ ਹੈ ਕਿ ਗੁਰਨਾਮ ਸਿੰਘ ਧਿਰ ਦੇ ਮਨਜੀਤ ਸਿੰਘ ਨੇ ਗੁਰਦੀਪ ਸਿੰਘ ਦੀ ਦਾੜੀ ਫੜ ਕੇ ਉਸ ਨੂੰ ਥੱਲੇ ਸੁੱਟ ਦਿੱਤਾ ਤੇ ਗੁਰਨਾਮ ਸਿੰਘ ਵੱਲੋਂ ਕਥਿਤ ਤੌਰ ’ਤੇ ਪਿਸਤੌਲ ਨੁਮਾ ਚੀਜ਼ ਕੱਢ ਕੇ ਧਮਕਾਇਆ ਗਿਆ, ਜਿਸ ਤੋਂ ਬਾਅਦ ਕੁੱਟਮਾਰ ਕੀਤੀ ਗਈ। ਇਸ ਕ੍ਰਾਸ ਕੇਸ ’ਚ ਪੁਲਿਸ ਨੇ ਮਨਜੀਤ ਸਿੰਘ ਵਾਸੀ ਉਸਮਾਨ ਸ਼ਹੀਦ, ਪਲਵਿੰਦਰ ਸਿੰਘ ਵਾਸੀ ਚੁਗਾਵਾ (ਕਪੂਰਥਲਾ), ਗੁਰਧੀਰ ਸਿੰਘ ਤੇ ਸੋਨੂੰ, ਦੋਵੇਂ ਵਾਸੀ ਭੋਲੇਕੇ (ਬਟਾਲਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਗੁਰਨਾਮ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਪੱਖਾਂ ਦੇ ਬਿਆਨਾਂ ਦੇ ਆਧਾਰ ’ਤੇ ਜਾਂਚ ਜਾਰੀ ਹੈ। ਮਾਮਲੇ ਨਾਲ ਸਬੰਧਤ ਸਾਰੇ ਤੱਥਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।