ਬੱਸ ਸਟੈਂਡ ’ਤੇ ਕਰੋੜਾਂ ਖਰਚੇ, ਲੋਕਾਂ ਨੂੰ ਕੋਈ ਫਾਇਦਾ ਨਾ ਹੋਇਆ
ਕਸਬਾ ਹਰਿਆਣਾ ਦੇ ਬੱਸ ਸਟੈਂਡ ‘ਤੇ ਕਰੋੜਾਂ ਰੁਪਏ ਖਰਚਿਆਂ ਦਾ ਲੋਕਾਂ ਨੂੰ ਕੋਈ ਫਾਇਦਾ ਨਾ ਹੋਇਆ
Publish Date: Tue, 20 Jan 2026 06:30 PM (IST)
Updated Date: Wed, 21 Jan 2026 04:12 AM (IST)

ਸਵਾਰੀਆਂ ਕਰੋੜਾਂ ਦੀ ਲਾਗਤ ਨਾਲ ਬਣੇ ਸ਼ੈੱਡਾਂ ’ਚ ਬੱਸ ਉਡੀਕਣ ਦੀ ਬਜਾਏ ਸੜਕਾਂ ਕਿਨਾਰੇ ਖੜ੍ਹ ਕੇ ਕਰਦੀਆਂ ਨੇ ਉਡੀਕ ਸੜਕ ’ਤੇ ਬੱਸਾਂ ਖੜ੍ਹਨ ਨਾਲ ਵਾਰ ਵਾਰ ਹੁੰਦਾ ਹੈ ਟਰੈਫਿਕ ਜਾਮ ਕਮਲ, ਪੰਜਾਬੀ ਜਾਗਰਣ, ਹਰਿਆਣਾ: ਕਸਬਾ ਹਰਿਆਣਾ ਵਿਖੇ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਨਵਾਂ ਬੱਸ ਸਟੈਂਡ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਤੋਂ ਅਸਮਰੱਥ ਹੋਇਆ ਆਪਣੀ ਹੀ ਹਾਲਤ ’ਤੇ ਹੰਝੂ ਵਹਾਉਣ ਲਈ ਮਜਬੂਰ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਕਸਬਾ ਹਰਿਆਣਾ ਦੇ ਬੱਸ ਸਟੈਂਡ ਦੀ ਨਵ-ਉਸਾਰੀ ਲਈ ਕਰੀਬ ਡੇਢ ਕਰੋੜ ਰੁਪਿਆ ਖਰਚ ਕਰਵਾਇਆ ਗਿਆ ਸੀ। ਕਾਂਗਰਸ ਸਰਕਾਰ ਦਾ ਸ਼ਾਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ’ਚ ਨਵੀ ਬਣੀ ਆਪ ਸਰਕਾਰ ਵੱਲੋਂ ਆਪਣੇ ਸ਼ਾਸ਼ਨ ਦੇ ਪਹਿਲੇ ਸਾਲ ਹੀ ਕਸਬੇ ਦਾ ਨਵਾਂ ਬਣਿਆ ਬੱਸ ਸਟੈਡ ਲੋਕਾਂ ਦੀ ਸਹੂਲਤ ਵਾਸਤੇ ਲੋਕ ਅਰਪਣ ਕਰ ਕੇ ਇਸ ਨੂੰ ਆਪਣੀਆ ਪ੍ਰਾਪਤੀਆ ਦੀ ਸੂਚੀ ’ਚ ਸ਼ਾਮਲ ਕਰ ਲਿਆ ਗਿਆ ਸੀ। ਨਵੇ ਬੱਸ ਸਟੈਂਡ ਦੀ ਸਭ ਤੋਂ ਵੱਡੀ ਨਾਕਾਮੀ ਵੱਖ-ਵੱਖ ਰੂਟਾਂ ਤੋਂ ਆਉਣ ਵਾਲੀਆ ਬੱਸਾਂ ਦੇ ਬੱਸ ਅੱਡੇ ਦੇ ਅੰਦਰ ਆ ਕੇ ਸਵਾਰੀਆਂ ਚੜ੍ਹਾਉਣੀਆਂ ਤੇ ਉਤਾਰਨੀਆਂ ਰਹੀ ਹੈ। ਕਈ ਦਰਜਨਾਂ ਪਿੰਡਾਂ ਲਈ ਬੱਸ ਸਹੂਲਤ ਲਈ ਇਹ ਜਨਤਕ ਥਾਂ ਨਿਰਧਾਰਿਤ ਹੋਣ ਕਰ ਕੇ ਰੋਜ਼ਾਨਾ ਸੈਕੜੇ ਸਵਾਰੀਆ ਨੂੰ ਆਪਣੀ ਬੱਸ ਫੜਨ ਲਈ ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ ’ਚ ਅੱਡੇ ਦੇ ਬਾਹਰ ਹੀ ਸੜਕ ਦੇ ਕਿਨਾਰਿਆਂ ’ਤੇ ਖੜ੍ਹੇ ਹੋਣਾ ਪੈਂਦਾ ਹੈ। ਬੱਸ ਅੱਡੇ ਦੇ ਬਾਹਰ ਖੜ੍ਹ ਕੇ ਆਪਣੀਆਂ ਬੱਸਾਂ ਦੀ ਉਡੀਕ ਕਰਨ ਤੇ ਬੱਸਾਂ ਵੱਲੋਂ ਆਪਣੀਆਂ ਸਵਾਰੀਆਂ ਉਤਾਰਨ ਤੇ ਚੜ੍ਹਾਉਣ ਲਈ ਬੱਸਾਂ ਬਾਹਰ ਹੀ ਖੜ੍ਹੀਆਂ ਕਰਨ ਨਾਲ ਸੜਕ ਦੇ ਦੋਹੀਂ ਪਾਸੇ ਇੱਥੋਂ ਲੰਘਣ ਵਾਲੇ ਵਾਹਨ ਰੁਕਣ ਨਾਲ ਇੱਥੇ ਵਾਰ-ਵਾਰ ਟਰੈਫਿਕ ਜਾਮ ਹੁੰਦੀ ਰਹਿੰਦੀ ਹੈ ਤੇ ਅਜਿਹੀ ਹਾਲਤ ’ਚ ਦੂਰ-ਦੁਰਾਡੇ ਪਹੰਚਣ ਵਾਲੇ ਲੋਕ ਅਕਸਰ ਜਾਮ ’ਚ ਫਸੇ ਆਪਣੀ ਕਿਸਮਤ ਨੂੰ ਕੋਸਣ ਲਈ ਮਜਬੂਰ ਹੁੰਦੇ ਹਨ। ਭਾਂਵੇ ਸਮੇਂ ਸਮੇਂ ਸਿਰ ਲੋਕਾਂ ਦੀ ਇਸ ਸਮੱਸਿਆ ਨਾਲ ਸਬੰਧਤ ਕਈ ਵਾਰ ਅਖਬਾਰਾਂ ਤੇ ਪ੍ਰਿੰਟ ਮੀਡੀਏ ’ਚ ਇਸ ਸਬੰਧੀ ਕਈ ਵਾਰ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆ ਹਨ ਪਰ ਬੱਸ ਅੱਡੇ ਨਾਲ ਸਬੰਧਤ ਵਿਭਾਗ ਤੇ ਜ਼ਿਲ੍ਹੇ ਦਾ ਟਰਾਂਸਪੋਰਟ ਵਿਭਾਗ ਹਰਿਆਣੇ ਕਸਬੇ ਦੇ ਨਵੇਂ ਬਣੇ ਬੱਸ ਅੱਡੇ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ’ਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਇਸ ਤਰ੍ਹਾਂ ਰੋਜ਼ਾਨਾ ਸੈਂਕੜੇ ਸਵਾਰੀਆਂ ਵੱਲੋਂ ਆਪਣੀਆਂ ਬੱਸਾਂ ਦੀ ਉਡੀਕ ’ਚ ਬੱਸ ਸਟੈਂਡ ’ਤੇ ਖੜ੍ਹੇ ਹੋ ਕੇ ਉਡੀਕਣ ਸਮੇਂ ਕਰੋੜਾਂ ਦੀ ਲਾਗਤ ਨਾਲ ਬਣੀ ਨਵੀਂ ਇਮਾਰਤ ਦਾ ਸਵਾਰੀਆ ਨੂੰ ਕੋਈ ਫਾਇਦਾ ਨਹੀ ਹੋ ਰਿਹਾ। ਬੱਸ ਸਟੈਂਡ ਦੇ ਬਾਹਰ ਹੀ ਖੜ੍ਹਨ ਕਰ ਕੇ ਸਵਾਰੀਆਂ ਦੀ ਸਹੂਲਤ ਲਈ ਬਣੇ ਬੱਸ ਸ਼ੈੱਡ ਵਰਤੋਂ ’ਚ ਨਹੀ ਆ ਰਹੀ। ਇਸ ਤਰ੍ਹਾਂ ਨਵੇ ਬੱਸ ਸਟੈਂਡ ਅੰਦਰ ਰਾਹਗੀਰਾਂ ਦੀ ਆਮਦ ਨਾ ਹੋਣ ਕਰ ਕੇ ਲੋਕਾਂ ਲਈ ਬਣੇ ਪਿਸ਼ਾਬ ਘਰ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਵਰਤੋਂ ਤੋਂ ਬਿਨਾਂ ਹੀ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਬੱਸ ਸਟੈਂਡ ’ਚ ਲੋਕਾਂ ਦੀ ਸਹੂਲਤਾਂ ਲਈ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਤੇ ਬੱਸਾਂ ਦੀ ਸਟੈਂਡ ਅੰਦਰ ਆਉਣੀ ਜਾਣੀ ਯਕੀਨੀ ਨਾ ਬਣਾਏ ਜਾਣਾ ਸਾਬਤ ਕਰਦਾ ਹੈ ਕਿ ਜ਼ਿਲ੍ਹੇ ਦਾ ਰੋਡਵੇਜ਼ ਤੇ ਕਸਬੇ ਦੇ ਪ੍ਰਸ਼ਾਸ਼ਨ ਦੀ ਲੋਕਾਂ ਦੀ ਸਹੂਲਤ ਲਈ ਤਿਆਰ ਕੀਤੇ ਜਨਤਕ ਸਥਾਨ ਦੀ ਬਿਹਤਰੀ ਤੇ ਰੱਖ-ਰਖਾਅ ’ਚ ਕੋਈ ਦਿਲਚਸਪੀ ਨਹੀ ਹੈ। ਬੱਸ ਸਟੈਂਡ ਦੇ ਕੈਂਪਸ ਦੀ ਸਹੀ ਵਰਤੋਂ ਨਾ ਹੋਣ ਕਰ ਕੇ ਲੋਕਾਂ ਵੱਲੋਂ ਬੱਸ ਸਟੈਂਡ ਦਾ ਅੰਦਰਲਾ ਹਿੱਸਾ ਪਾਰਕਿੰਗ ਤੇ ਹੋਰ ਕਈ ਵਾਹਨਾਂ ਨੂੰ ਖੜ੍ਹੇ ਕਰਨ ਲਈ ਵਰਤਿਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਹਰਿਆਣਾ ਦੇ ਬੱਸ ਸਟੈਂਡ ਲਈ ਲੱਖਾਂ ਰੁਪਏ ਖਰਚ ਕੀਤੇ ਹਨ ਤਾਂ ਸਥਾਨਕ ਪ੍ਰਸ਼ਾਸ਼ਨ ਤੇ ਰੋਡਵੇਜ਼ ਵਿਭਾਗ ਨੂੰ ਨਵੇਂ ਬੱਸ ਸਟੈਂਡ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਬੱਸ ਅੱਡੇ ਅੰਦਰ ਬਣੀਆਂ ਦੁਕਾਨਾਂ ਤੇ ਕੰਟੀਨ ਨੂੰ ਠੇਕੇ ’ਤੇ ਦੇ ਕੇ ਸਰਕਾਰ ਦੀ ਆਮਦਨ ’ਚ ਵਾਧਾ ਕਰਨ ਬਾਰੇ ਸੋਚਣਾ ਚਾਹੀਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਟਰਾਂਸਪੋਰਟ ਅਧਿਕਾਰੀ ਜਨਰਲ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀ ਹੈ। ਪਹਿਲਾਂ ਹਰਿਆਣਾ ਦੇ ਦੁਕਾਨਦਾਰਾਂ ਨੇ ਪੁਰਾਣੇ ਬੱਸ ਸਟੈਂਡ ’ਤੇ ਵੀ ਬੱਸ ਰੋਕਣ ਦੀ ਮੰਗ ਕੀਤੀ ਸੀ, ਜਿਸ ਨੂੰ ਵਿਧਾਇਕ ਦੇ ਕਹਿਣ ’ਤੇ ਪੂਰਾ ਕੀਤਾ ਗਿਆ ਸੀ ਪਰ ਨਵੇਂ ਬੱਸ ਸਟੈਂਡ ਦੇ ਅੰਦਰ ਬੱਸਾਂ ਦਾ ਨਾ ਜਾਣ ਬਾਰੇ ਸਾਨੂੰ ਅੱਡੇ ਦੇ ਠੇਕੇਦਾਰ ਵੱਲੋਂ ਕਦੇ ਵੀ ਨਹੀ ਦੱਸਿਆ ਗਿਆ। ਉਹ ਅੱਜ ਹੀ ਇੱਕ ਮੁਲਾਜ਼ਮ ਦੀ ਬੱਸਾਂ ਦੇ ਅੰਦਰ ਆਉਣ ਜਾਣ ਦੀ ਡਿਊਟੀ ਲਾਉਣਗੇ ਤੇ ਬੱਸਾਂ ਦਾ ਅੰਦਰ ਜਾਣਾ ਯਕੀਨੀ ਬਣਾਉਣਗੇ।