ਸੂਬੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨਾ ਸਰਕਾਰ ਦਾ ਉਦੇਸ਼ : ਸੈਣੀ
ਸੂਬੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨਾ ਪੰਜਾਬ ਸਰਕਾਰ ਦਾ ਉਦੇਸ਼ : ਚੇਅਰਮੈਨ ਸੰਦੀਪ ਸੈਣੀ
Publish Date: Tue, 20 Jan 2026 06:13 PM (IST)
Updated Date: Wed, 21 Jan 2026 04:10 AM (IST)

ਕਿਹਾ- ‘ਪ੍ਰੋਜੈਕਟ ਜੀਵਨਜੋਤ 2.0’ ਤਹਿਤ ਬਾਲ ਭਿੱਖਿਆ ਖ਼ਿਲਾਫ਼ ਫੈਸਲਾਕੁੰਨ ਲੜਾਈ ਲੜ ਰਹੀ ਹੈ ਪੰਜਾਬ ਸਰਕਾਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬੈਕਫਿੰਕੋ ਪੰਜਾਬ ਦੇ ਚੇਅਰਮੈਨ ਸੰਦੀਪ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਪੱਸ਼ਟ ਸੋਚ ਤੇ ਮਜ਼ਬੂਤ ਇੱਛਾ ਸ਼ਕਤੀ ਕਾਰਨ ਸੂਬੇ ਵਿੱਚ ਬੱਚਿਆਂ ਦੇ ਭੀਖ ਮੰਗਣ ਵਿਰੁੱਧ ਨਿਰਣਾਇਕ ਲੜਾਈ ਲੜੀ ਜਾ ਰਹੀ ਹੈ। ਇਸ ਦਿਸ਼ਾ ਵਿੱਚ ਚਲਾਈ ਜਾ ਰਹੀ ਰਾਜ ਪੱਧਰੀ ਵਿਸ਼ੇਸ਼ ਮੁਹਿੰਮ ਪ੍ਰੋਜੈਕਟ ਜੀਵਨ ਜੋਤ 2.0 ਦੇ ਤਹਿਤ ਹੁਣ ਤੱਕ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਸੰਦੀਪ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 1,023 ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਇਕ ਵੱਡੀ ਪ੍ਰਾਪਤੀ ਹੈ। ਇਨ੍ਹਾਂ ਵਿੱਚੋਂ 336 ਬੱਚਿਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਤਾਂ ਜੋ ਉਹ ਸਿੱਖਿਆ ਰਾਹੀਂ ਆਤਮਨਿਰਭਰ ਬਣ ਸਕਣ। ਇਸ ਤੋਂ ਇਲਾਵਾ ਅੱਠ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਬਚਪਨ ਦੀ ਸਿੱਖਿਆ ਅਤੇ ਪੋਸ਼ਣ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ 38 ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦੇ ਲਾਭ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿੱਖਿਆ ਅਤੇ ਹੋਰ ਜ਼ਰੂਰਤਾਂ ਬਿਨਾਂ ਕਿਸੇ ਰੁਕਾਵਟ ਦੇ ਪੂਰੀਆਂ ਹੋਣ। ਇਹ ਪਹਿਲ ਬੱਚਿਆਂ ਨੂੰ ਭੀਖ ਮੰਗਣ ਤੋਂ ਬਾਹਰ ਕੱਢਣ ਅਤੇ ਇਕ ਸਨਮਾਨਜਨਕ ਭਵਿੱਖ ਵੱਲ ਲਿਜਾਣ ਲਈ ਇਕ ਸ਼ਕਤੀਸ਼ਾਲੀ ਸਾਧਨ ਹੈ। ਚੇਅਰਮੈਨ ਸੰਦੀਪ ਸੈਣੀ ਨੇ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਸਿਰਫ਼ ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕਰਨਾ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਿੱਖਿਆ, ਸੁਰੱਖਿਆ ਅਤੇ ਬਿਹਤਰ ਜੀਵਨ ਪ੍ਰਦਾਨ ਕਰਨਾ ਵੀ ਹੈ। ਇਸ ਲਈ ਭਾਈਚਾਰਕ ਭਾਗੀਦਾਰੀ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਤੇ ਵੀ ਬੱਚਿਆਂ ਨੂੰ ਭੀਖ ਮੰਗਦੇ ਦੇਖਦੇ ਹਨ ਤਾਂ ਉਹ ਤੁਰੰਤ ਚਾਈਲਡ ਹੈਲਪਲਾਈਨ 1098 ਤੇ ਸੂਚਿਤ ਕਰਨ, ਤਾਂ ਜੋ ਸਮੇਂ ਸਿਰ ਬੱਚਿਆਂ ਦੀ ਸੁਰੱਖਿਆ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।