ਇਤਿਹਾਸਕ ਅਸਥਾਨ ਹਰੋ ਦਾ ਪੌਅ ਦੀ ਇਮਾਰਤ ਦੀ ਮੁੜ ਉਸਾਰੀ ਕਰਵਾਈ
ਇਤਿਹਾਸਕ ਅਸਥਾਨ ਹਰੋ ਦਾ ਪੌਅ ਦੀ ਇਮਾਰਤ ਦੀ ਮੁੜ ਉਸਾਰੀ ਕਰਵਾਈ
Publish Date: Tue, 20 Jan 2026 05:41 PM (IST)
Updated Date: Wed, 21 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ (ਸ੍ਰੀ ਗੁਰੂ ਤੇਗ ਬਹਾਦਰ ਮਾਰਗ) ਤੇ ਪੈਂਦੇ ਤਹਿਸੀਲ ਗੜ੍ਹਸ਼ੰਕਰ ਦੇ ਆਖਰੀ ਇਤਿਹਾਸਕ ਅਸਥਾਨ ਹਰੋ ਦਾ ਪੌਅ ਦੀ ਇਮਾਰਤ ਦੀ ਮੁੜ ਉਸਾਰੀ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ (ਕਾਰ ਸੇਵਾ ਵਾਲਿਆਂ) ਵਲੋਂ ਨਵੇਂ ਸਿਰੇ ਤੋਂ ਕਰਨ ’ਤੇ ਇਲਾਕੇ ਦੀਆਂ ਸੰਗਤਾਂ ਨੇ ਬਾਬਾ ਸਤਨਾਮ ਸਿੰਘ ਦਾ ਧੰਨਵਾਦ ਕੀਤਾ ਹੈ। ਮਾਤਾ ਹਰੋਂ ਦੇ ਵੰਸ਼ਜ ਵਿਜੇ ਕੁਮਾਰ ਕਸ਼ਯਪ (ਬਿੱਲਾ ਕੰਬਾਲਾ) ਨੇ ਦੱਸਿਆ ਕਿ ਇਹ ਪੌਅ ਸਦੀਆਂ ਪੁਰਾਣਾ ਹੈ, ਜਿਸ ਨੂੰ ਉਨ੍ਹਾਂ ਦੀ ਬਜ਼ੁਰਗ ਮਾਤਾ ਹਰੋ ਚਲਾਉਂਦੀ ਸੀ। ਕਥਨ ਮੁਤਾਬਿਕ ਉਸ ਵੇਲੇ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਵਕਤ ਇਸ ਅਸਥਾਨ ਤੇ ਕੁੱਝ ਸਮਾਂ ਆਰਾਮ ਕਰਨ ਲਈ ਰੁਕੇ ਸਨ ਅਤੇ ਮਾਤਾ ਹਰੋ ਦੇ ਹੱਥੋਂ ਪਾਣੀ ਵੀ ਪੀਤਾ ਸੀ। ਮਾਤਾ ਹਰੋ ਦਾ ਪੋਅ ਤੇ ਇਸ ਰਸਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਾਣੀ ਦੂਰੋਂ ਲਿਆ ਕੇ ਪਿਲਾਉਂਦੀ ਸੀ, ਇਸੇ ਕਰਕੇ ਇਸ ਅਸਥਾਨ ਦਾ ਨਾਮ ਹਰੋ ਦਾ ਪੌਅ ਪੈ ਗਿਆ। ਸਦੀਆਂ ਤੋਂ ਚਲੀ ਇਸ ਪਾਣੀ ਦੀ ਸੇਵਾ ਨੂੰ ਪੀੜ੍ਹੀ ਦਰ ਪੀੜ੍ਹੀ ਕਸ਼ਯਪ ਪਰਿਵਾਰ ਵਲੋਂ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲੇ, ਸਮਾਜ ਸੇਵਕ ਦਲਜੀਤ ਸਿੰਘ ਬੈਂਸ ਖੁਰਦਾਂ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ,ਸਿਮਰਨ ਸਿੰਘ, ਕਸ਼ਮੀਰ ਸਿੰਘ, ਹਰਜਾਪ ਸਿੰਘ, ਹਰਪਾਲ ਪਾਲੀ, ਚੰਨਣ ਸਿੰਘ, ਗੁਰਮੇਲ ਸਿੰਘ ਅਤੇ ਵਿਜੇ ਕੁਮਾਰ ਕਸ਼ਯਪ ਬਿੱਲਾ ਕੰਬਾਲਾ ਹਾਜ਼ਰ ਸਨ।