ਅਧਿਆਪਕ ਜੀਵਨ ਸ਼ਰਮਾ ਨੇ ਮੁਕੇਰੀਆਂ ਦਾ ਨਾਂ ਕੀਤਾ ਰੌਸ਼ਨ
ਅਧਿਆਪਕ ਜੀਵਨ ਸ਼ਰਮਾ ਨੇ ਮੁਕੇਰੀਆਂ ਦਾ ਨਾਂ ਕੀਤਾ ਰੌਸ਼ਨ
Publish Date: Tue, 20 Jan 2026 05:31 PM (IST)
Updated Date: Wed, 21 Jan 2026 04:07 AM (IST)

ਜ਼ਿਲ੍ਹਾ ਪੱਧਰੀ ਟੀਚਰ ਫੈਸਟ ਦੀ ਇਕਾਂਗੀ ਕੈਟਾਗਿਰੀ ’ਚ ਦੂਜਾ ਸਥਾਨ ਕੀਤਾ ਹਾਸਲ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਜ਼ਿਲ੍ਹਾ ਪੱਧਰੀ ਟੀਚਰ ਫੈਸਟ 2025-26 ਦੌਰਾਨ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਦਨ ਦੇ ਹਿੰਦੀ ਅਧਿਆਪਕ ਜੀਵਨ ਕੁਮਾਰ ਸ਼ਰਮਾ ਨੇ ਇਕਾਂਗੀ ਕੈਟਾਗਰੀ ਵਿੱਚ ਦੂਜਾ ਸਥਾਨ ਹਾਸਲ ਕਰਕੇ ਬਲਾਕ ਮੁਕੇਰੀਆਂ ਦਾ ਨਾਮ ਜ਼ਿਲ੍ਹਾ ਪੱਧਰ ‘ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਸਿੱਖਿਆ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਅਧਿਆਪਕ ਵਰਗ ਵਿੱਚ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਅਧਿਆਪਕ ਜੀਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਟੀਚਰ ਫੈਸਟ ਪੰਜਾਬ ਸਿੱਖਿਆ ਵਿਭਾਗ, ਐੱਸਸੀਈਆਰਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਧਿਆਪਕਾਂ ਦੇ ਸਿੱਖਣ-ਸਿਖਾਉਣ ਦੇ ਹੁਨਰ, ਰਚਨਾਤਮਕਤਾ ਅਤੇ ਮੰਚੀ ਪੇਸ਼ਕਾਰੀ ਨੂੰ ਉਭਾਰਨ ਦੇ ਉਦੇਸ਼ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਬਲਾਕ ਪੱਧਰ ‘ਤੇ ਮੁਕਾਬਲੇ ਕਰਵਾਏ ਗਏ, ਜਿੱਥੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਭਾਗ ਲਿਆ। ਇੱਥੇ ਕਾਫ਼ੀ ਸਖ਼ਤ ਅਤੇ ਉੱਚ ਪੱਧਰੀ ਮੁਕਾਬਲੇ ਦੇ ਬਾਵਜੂਦ ਜੀਵਨ ਨੇ ਆਪਣੀ ਕਲਾ ਅਤੇ ਪੇਸ਼ਕਾਰੀ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਜਿਸ ਉਪਰੰਤ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜੀਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਬਹੁਤ ਹੀ ਯੋਗ ਅਤੇ ਪ੍ਰੇਰਣਾਦਾਇਕ ਹੈ, ਜੋ ਅਧਿਆਪਕਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਨਵੇਂ ਅਧਿਆਪਨ ਤਰੀਕੇ ਅਪਣਾਉਣ ਲਈ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਆਸ ਜਤਾਈ ਕਿ ਉਨ੍ਹਾਂ ਦੀ ਇਹ ਸਫ਼ਲਤਾ ਹੋਰ ਅਧਿਆਪਕਾਂ ਨੂੰ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰੇਗੀ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਅਤੇ ਬੀਐਨਓ ਪ੍ਰਿੰਸੀਪਲ ਬਲਵੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਹੌਸਲਾ ਅਫ਼ਜ਼ਾਈ ਅਤੇ ਮਾਰਗਦਰਸ਼ਨ ਸਦਕਾ ਇਹ ਉਪਲਬਧੀ ਸੰਭਵ ਹੋ ਸਕੀ।