ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੋਬਾਈਲ ਐਪ ਰਾਹੀਂ : ਗੌਰਵ ਸ਼ਰਮਾ
ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੋਬਾਈਲ ਐਪ ਰਾਹੀਂ, 23 ਜਨਵਰੀ ਤੱਕ ਨਾਮਜ਼ਦਗੀਆਂ: ਗੌਰਵ ਸ਼ਰਮਾ
Publish Date: Tue, 20 Jan 2026 05:05 PM (IST)
Updated Date: Wed, 21 Jan 2026 04:04 AM (IST)

23 ਜਨਵਰੀ ਤੱਕ ਹੋਣਗੀਆਂ ਨਾਮਜ਼ਦਗੀਆਂ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਯੂਥ ਕਾਂਗਰਸ ਦੇ ਅੰਮ੍ਰਿਤਸਰ ਜੋਨ ਦੇ ਜੋਨਲ ਰਿਟਰਨਿੰਗ ਅਫਸਰ ਗੌਰਵ ਸ਼ਰਮਾ ਨੇ ਦੱਸਿਆ ਕਿ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੋਬਾਈਲ ਐਪ ਰਾਹੀਂ ਕਰਵਾਈ ਜਾ ਰਹੀ ਹੈ। ਉਹ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦੇ ਨਿਵਾਸੀ ਹਨ ਅਤੇ ਅੰਮ੍ਰਿਤਸਰ ਜੋਨ ਦੇ ਇੰਚਾਰਜ ਹਨ, ਜਿਸ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਕਪੂਰਥਲਾ ਜ਼ਿਲ੍ਹੇ ਸ਼ਾਮਲ ਹਨ। ਗੌਰਵ ਸ਼ਰਮਾ ਨੇ ਕਿਹਾ ਕਿ 16 ਜਨਵਰੀ ਤੋਂ 23 ਜਨਵਰੀ ਤੱਕ ਯੂਥ ਕਾਂਗਰਸ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜੋ ਕਿ ਪ੍ਰਦੇਸ਼ ਕਮੇਟੀ, ਜ਼ਿਲ੍ਹਾ ਕਮੇਟੀ, ਵਿਧਾਨ ਸਭਾ ਕਮੇਟੀ ਅਤੇ ਬਲਾਕ ਕਮੇਟੀ ਲਈ ਹੈ। ਇਸੇ ਸਿਲਸਿਲੇ ਵਿੱਚ ਉਹ ਹੁਸ਼ਿਆਰਪੁਰ ਦੌਰੇ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਸ਼ਾਮ 5 ਵਜੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਫਿਰ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਏਗੀ। ਨਾਮਜ਼ਦਗੀਆਂ, ਮੈਂਬਰਸ਼ਿਪ ਡਰਾਈਵ ਅਤੇ ਵੋਟਿੰਗ ਦੀ ਪੂਰੀ ਪ੍ਰਕਿਰਿਆ ਐਂਡਰਾਇਡ ਐਪ ‘ਵਿਦ ਆਈਵਾਈਸੀ’ ਰਾਹੀਂ ਹੀ ਕੀਤੀ ਜਾਵੇਗੀ। ਗੌਰਵ ਸ਼ਰਮਾ ਨੇ ਦੱਸਿਆ ਕਿ 18 ਤੋਂ 35 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ 50 ਰੁਪਏ ਫੀਸ ਦੇ ਕੇ ਯੂਥ ਕਾਂਗਰਸ ਦਾ ਮੈਂਬਰ ਬਣ ਸਕਦਾ ਹੈ, ਜਿਸ ਲਈ ਵੈਧ ਵੋਟਰ ਆਈਡੀ ਕਾਰਡ ਹੋਣਾ ਲਾਜ਼ਮੀ ਹੈ। ਮੈਂਬਰ ਬਣਨ ਤੋਂ ਬਾਅਦ ਮੋਬਾਈਲ ਐਪ ’ਤੇ ਸਟੇਟ, ਜ਼ਿਲ੍ਹਾ, ਵਿਧਾਨ ਸਭਾ ਅਤੇ ਬਲਾਕ ਪੱਧਰ ਦੀ ਵੋਟਿੰਗ ਲਈ ਅਲੱਗ-ਅਲੱਗ ਫਾਰਮ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਵੀ ਐਪ ਰਾਹੀਂ ਹੀ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਪਿਛਲੀ ਵਾਰੀ ਵੀ ਯੂਥ ਕਾਂਗਰਸ ਦੀਆਂ ਚੋਣਾਂ ਮੋਬਾਈਲ ਐਪ ਰਾਹੀਂ ਹੋਈਆਂ ਸਨ, ਪਰ ਕਈ ਨਾਮਜ਼ਦਗੀਆਂ ਇਸ ਕਰਕੇ ਰੱਦ ਹੋ ਗਈਆਂ ਸਨ ਕਿਉਂਕਿ ਐਪ ’ਤੇ ਭਰੀ ਜਾਣਕਾਰੀ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੀ ਸੀ। ਇਸ ਲਈ ਉਨ੍ਹਾਂ ਨਾਮਜ਼ਦਗੀਆਂ ਭਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਸਾਰੀ ਜਾਣਕਾਰੀ ਧਿਆਨ ਨਾਲ ਤੇ ਸਹੀ ਢੰਗ ਨਾਲ ਭਰੀ ਜਾਵੇ, ਤਾਂ ਜੋ ਨਾਮਜ਼ਦਗੀਆਂ ਦੇ ਰੱਦ ਹੋਣ ਤੋਂ ਬਚਿਆ ਜਾ ਸਕੇ। ਗੌਰਵ ਸ਼ਰਮਾ ਨੇ ਕਿਹਾ ਕਿ ਪੜਤਾਲ ਤੋਂ ਬਾਅਦ ਕਰੀਬ ਇੱਕ ਮਹੀਨੇ ਲਈ ਮੈਂਬਰਸ਼ਿਪ ਡਰਾਈਵ ਚੱਲੇਗੀ ਅਤੇ ਚੋਣਾਂ ਦੀ ਤਾਰੀਖ ਬਾਅਦ ਵਿੱਚ ਐਲਾਨੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੂੰ ਸੰਗਠਨ ਤੌਰ ’ਤੇ ਮਜ਼ਬੂਤ ਕਰਨ ਅਤੇ ਆਉਣ ਵਾਲੇ ਚੋਣਾਂ ਵਿੱਚ ਯੁਵਾ ਵਰਕਰਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਯਕੀਨੀ ਬਣਾਉਣ ਲਈ ਇਹ ਮੈਂਬਰਸ਼ਿਪ ਡਰਾਈਵ ਚਲਾਈ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਰੋਹਿਤ ਜੋਸ਼ੀ (ਡੈਲੀਗੇਟ, ਪੀਪੀਸੀਸੀ), ਕੁਕੂ ਚੰਦਨ, ਵਨੀਤਾ ਸ਼ਰਮਾ, ਗੁਰਦੀਪ ਕਟੋਚ, ਮੰਜਿੰਦਰ ਰਾਲ੍ਹ ਅਤੇ ਸੁਰਿੰਦਰ ਸਿੱਧੂ ਵੀ ਮੌਜੂਦ ਸਨ।