ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ ’ਤੇ ਪ੍ਰਗਟਾਈ ਖੁਸ਼ੀ
ਨਿਤਿਨ ਨਬੀਨ ਦੇ ਕੌਮੀ ਪ੍ਰਧਾਨ ਬਣਨ 'ਤੇ ਲੱਡੂ ਵੰਡ ਕੇ ਮਨਾਈ ਖੁਸ਼ੀ
Publish Date: Tue, 20 Jan 2026 04:36 PM (IST)
Updated Date: Wed, 21 Jan 2026 04:03 AM (IST)

ਪਾਰਟੀ ਨੂੰ ਦੇਸ਼ ਭਰ ’ਚ ਨਵਾਂ ਜੋਸ਼ ਅਤੇ ਦਿਸ਼ਾ ਮਿਲੇਗੀ : ਅਜੈ ਕੌਸ਼ਲ ਸੇਠੂ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸੀਨੀਅਰ ਭਾਜਪਾ ਆਗੂ ਅਤੇ ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਬੀਨ ਦੇ ਭਾਰਤੀ ਜਨਤਾ ਪਾਰਟੀ ਦੇ ਨਿਰਵਿਰੋਧ ਕੌਮੀ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਭਾਜਪਾ ਕਾਰਕੁੰਨਾਂ ਨੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਜੈ ਕੌਸ਼ਲ ਸੇਠੂ ਦੀ ਅਗਵਾਈ ਵਿੱਚ ਸਥਾਨਕ ਜ਼ਿਲ੍ਹਾ ਦਫ਼ਤਰ ਵਿਖੇ ਲੱਡੂ ਵੰਡ ਕੇ ਜਸ਼ਨ ਮਨਾਇਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਇਕਲੌਤੀ ਪਾਰਟੀ ਹੈ, ਜਿੱਥੇ ਇੱਕ ਆਮ ਕਾਰਕੁੰਨ ਵੀ ਕੌਮੀ ਪੱਧਰ ਦੀ ਕਮਾਨ ਦੇ ਸਭ ਤੋਂ ਉੱਚੇ ਸ਼ਿਖਰ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਿਤਿਨ ਨਬੀਨ ਇੱਕ ਤਜਰਬੇਕਾਰ, ਦੂਰਦਰਸ਼ੀ ਅਤੇ ਜਨਤਾ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਆਗੂ ਹਨ, ਜਿਨ੍ਹਾਂ ਨੇ ਆਪਣੀ ਰਾਜਨੀਤਿਕ ਯਾਤਰਾ ਦੌਰਾਨ ਹਮੇਸ਼ਾਂ ਪਾਰਟੀ ਦੀ ਵਿਚਾਰਧਾਰਾ ਨੂੰ ਪਹਿਲ ਦਿੱਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ। ਉਨ੍ਹਾਂ ਦੀ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਨਾਲ ਪਾਰਟੀ ਨੂੰ ਦੇਸ਼ ਭਰ ਵਿੱਚ ਨਵਾਂ ਜੋਸ਼ ਅਤੇ ਦਿਸ਼ਾ ਮਿਲੇਗੀ। ਕੌਮੀ ਪ੍ਰਧਾਨ ਨਿਤਿਨ ਨਬੀਨ ਬਾਰੇ ਹੋਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਨਬੀਨ ਸਾਦਗੀ, ਇਮਾਨਦਾਰੀ ਅਤੇ ਫੈਸਲਾਕੁੰਨ ਅਗਵਾਈ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸੰਗਠਨਾਤਮਿਕ ਪੱਧਰ ’ਤੇ ਵਰਕਰਾਂ ਨੂੰ ਜੋੜਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਇੱਕ ਨੌਜਵਾਨ ਅਤੇ ਮਿਹਨਤੀ ਨੇਤਾ ਹਨ, ਜਿਨ੍ਹਾਂ ਕੋਲ ਸੰਗਠਨ ਦਾ ਵਧੀਆ ਅਨੁਭਵ ਹੈ ਤੇ ਉਨ੍ਹਾਂ ਦੀ ਊਰਜਾ ਅਤੇ ਵਚਨਬੱਧਤਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਨਵੀਆਂ ਮੰਜ਼ਿਲਾਂ ਸਰ ਕਰਨ ਦੇ ਯੋਗ ਬਣਾਏਗੀ। ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਆਉਣ ਵਾਲੀਆਂ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਆਪਣੀ ਨੀਤੀਆਂ ਅਤੇ ਵਿਕਾਸਮੁੱਖੀ ਸੋਚ ਨਾਲ ਹੋਰ ਮਜ਼ਬੂਤ ਹੋਏਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅਸ਼ਵਨੀ ਚੌਧਰੀ, ਮੰਡਲ ਪ੍ਰਧਾਨ ਕੁਲਤਾਰ ਸਿੰਘ ਹੈਪੀ, ਬਲਾਕ ਸੰਮਤੀ ਮੈਂਬਰ ਰਾਮੇਸ਼ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅੰਮ੍ਰਿਤ ਧਨੋਆ, ਸਰਪੰਚ ਰਵੀ ਕੁਮਾਰ ਪੁਰੀਕਾ, ਸਰਪੰਚ ਸੁਭਾਸ਼ ਚੰਦਰ ਕਲਸਾਂ, ਕੰਵਰ ਰਾਕੇਸ਼ ਸਿੰਘ, ਰੋਹਿਤ ਕੁਮਾਰ, ਵਿਕਾਸ ਮਨਹਾਸ, ਮਦਨ ਲਾਲ ਨਾਂਗਲੂ, ਸੋਹਣ ਸਿੰਘ ਸੋਨੂੰ, ਸੁਭਾਸ਼ ਜੌਲੀ, ਸ਼ਾਂਤੀ ਸਰੂਪ, ਪੰਕਜ ਮਨਹਾਸ, ਰਮਨ ਕੁਮਾਰ, ਚੰਦਰ ਮੋਹਨ, ਸਾਹਿਲ ਚਿੱਬ, ਰਮੇਸ਼ ਮਹਾਜਨ ਆਦਿ ਨੇ ਵੀ ਖੁਸ਼ੀ ਪ੍ਰਗਟਾਈ।