ਲਿੰਕ ਸੜਕਾਂ ’ਤੇ 24 ਘੰਟੇ ਚੱਲ ਰਹੇ ਬਿਨਾਂ ਨੰਬਰਾਂ ਤੋਂ ਓਵਰਲੋਡ ਟਿੱਪਰ
ਬੀਤ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ 24 ਘੰਟੇ ਚੱਲ ਰਹੇ ਬਿਨਾਂ ਨੰਬਰਾਂ ਤੋਂ ਓਵਰਲੋਡ ਟਿੱਪਰ
Publish Date: Mon, 19 Jan 2026 07:06 PM (IST)
Updated Date: Tue, 20 Jan 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਉੱਪ ਮੰਡਲ ਗੜ੍ਹਸ਼ੰਕਰ ’ਚ ਪੈਂਦੇ ਬੀਤ ਇਲਾਕੇ ਦੇ ਲੋਕਾਂ ਦਾ ਇਲਾਕੇ ਦੀ ਹਰ ਛੋਟੀ ਵੱਡੀ ਸੜਕ ’ਤੇ ਦਿਨ-ਰਾਤ ਚੱਲ ਰਹੇ ਟਿੱਪਰਾਂ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ। ਹਾਲਾਤ ਇਹ ਹਨ ਕਿ ਇਲਾਕੇ ਦੀ ਕਿਸੀ ਵੀ ਸੜਕ ’ਤੇ ਕਿਸੇ ਵੇਲੇ ਵੀ ਚੱਲਣਾ ਖਤਰੇ ਤੋਂ ਖਾਲੀ ਨਹੀ। ਇਸ ਇਲਾਕੇ ’ਚ ਪਹਿਲਾਂ ਸਿਰਫ ਨੰਗਲ ਰੋਡ ’ਤੇ ਹੀ ਟਿੱਪਰ ਚੱਲਦੇ ਸਨ, ਉਹ ਵੀ ਰਾਤ 10 ਤੋਂ ਸਵੇਰੇ 6 ਵਜੇ ਤੱਕ ਪਰ ਕਰੀਬ ਪਿਛਲੇ ਇਕ ਸਾਲ ਤੋਂ ਬਿਨਾ ਕਿਸੇ ਟਾਈਮ ਤੋਂ ਹਰ ਵਕਤ 24 ਘੰਟੇ ਬੀਤ ਇਲਾਕੇ ਦੀਆਂ ਸੜਕਾਂ ਗੜ੍ਹਸ਼ੰਕਰ ਰੋਡ, ਮਹਿੰਦਵਾਣੀ ਰੋਡ, ਬੀਣੇਵਾਲ-ਸਿੰਗਾ ਰੋਡ, ਬਾਥੜੀ ਰੋਡ, ਬਾਰਾਪੁਰ ਤੋਂ ਕੁਨੈਲ ਰੋਡ ,ਅੱਡਾ ਝੁੰਗੀਆਂ ਤੋਂ ਵਾਇਆ, ਨੈਣਵਾਂ ਤੋਂ ਪੋਜੇਵਾਲ ਰੋਡ ਅਤੇ ਨੈਣਵਾਂ ਤੋਂ ਕਾਹਨਪੁਰ ਖੂਹੀ ਰੋਡ ਸਣੇ ਸਾਰੀਆਂ ਸੜਕਾਂ ’ਤੇ ਦਿਨ ਰਾਤ ਨੂੰ 24 ਘੰਟੇ ਹਿਮਾਚਲ ਪ੍ਰਦੇਸ਼ ਨੂੰ ਖਾਲੀ ਜਾਣ ਵਾਲੇ ਤੇ ਖਨਣ ਸਮੱਗਰੀ ਲੈ ਕੇ ਵਾਪਸ ਆਉਣ ਵਾਲੇ ਇਹ ਟਿੱਪਰ ਬੀਤ ਇਲਾਕੇ ਤੋਂ ਹੋ ਕੇ ਲੰਘ ਰਹੇ ਹਨ। ਇਸ ਕਰ ਕੇ ਬੀਤ ਇਲਾਕੇ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਨ੍ਹਾਂ ਟਿੱਪਰਾਂ ’ਚੋਂ ਬਹੁਤੇ ਟਿੱਪਰਾਂ ਤੇ ਤਾਂ ਨੰਬਰ ਵੀ ਨਹੀ ਲਿੱਖਿਆ ਹੋਇਆ। ਬੀਤ ਦੀਆਂ ਸੜਕਾਂ ’ਤੇ ਮੌਤ ਵੰਡਦੇ ਫਿਰ ਰਹੇ ਇਨ੍ਹਾਂ ਟਿੱਪਰਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ। ਜ਼ਿਕਰਯੋਗ ਹੈ ਕਿ ਇਹ ਟਿੱਪਰ ਹੁਣ ਤਕ 18 ਲੋਕਾਂ ਦੀ ਜਾਨ ਲੈ ਚੁੱਕੇ ਹਨ। ਅੱਗੇ ਕੀ ਹੋਵੇਗਾ ਕਿਹਾ ਨਹੀਂ ਜਾਂਦਾ। ਬਾਕਸ-- ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਦੁਖੜੇ ਸੁਣਾਏ- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਦਵਿੰਦਰ ਰਾਣਾ ਸਾਬਕਾ ਸਰਪੰਚ ‘ਲੋਕ ਬਚਾਓ, ਪਿੰਡ ਬਚਾਓ, ਸੰਘਰਸ਼ ਕਮੇਟੀ’, ਰਾਮਜੀਦਾਸ ਚੌਹਾਨ, ਅਜਾਇਬ ਸਿੰਘ ਬੋਪਾਰਾਏ, ਮਾਸਟਰ ਪਵਨ ਸ਼ਰਮਾ, ਗਰੀਬ ਦਾਸ ਬੀਟਣ ਨੇ ਕਿਹਾ ਕਿ ਇਹ ਸਭ ਕੁਝ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਇਹ ਟਿੱਪਰ ਬੀਤ ਦੇ ਆਬਾਦੀ ਵਾਲੇ ਖੇਤਰਾਂ ’ਚ ਛੋਟੀਆਂ ਸੜਕਾਂ ’ਤੇ ਵੀ 24 ਘੰਟੇ ਚੱਲਦੇ ਹਨ, ਜੋ ਕਿ ਕਿਸੇ ਵੇਲੇ ਵੀ ਵੱਡੀ ਦੁਰਘਟਨਾ ਨੂੰ ਜਨਮ ਦੇ ਸਕਦੇ ਹਨ, ਜੇਕਰ ਪੁਲਿਸ ਤੰਤਰ ਤੇ ਸਿਵਲ ਪ੍ਰਸਾਸ਼ਨ ਨੇ ਜਲਦੀ ਇਨ੍ਹਾਂ ਟਿੱਪਰਾਂ ਨੂੰ ਸਮਾਂਬੱਧ ਨਾ ਕੀਤਾ ਤਾਂ ਬੀਤ ਇਲਾਕੇ ’ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਹੈ ਪੁਲਿਸ ਤੇ ਸਿਵਲ ਪੁਸ਼ਾਸਨ ਦੀ ਹੋਵੇਗੀ। ਬਾਕਸ-- ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ : ਨਿਮਿਸ਼ਾ ਬੀਜੇਪੀ ਗੜ੍ਹਸ਼ੰਕਰ ਦੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗੜ੍ਹਸ਼ੰਕਰ ਅਤੇ ਬੀਤ ਇਲਾਕੇ ਵਿਚ ਵੀ ਟਿੱਪਰਾਂ ਦੇ ਕਹਿਰ ਕਾਰਨ ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਸਰਕਾਰ ਵੱਲੋਂ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਹਾਦਸਿਆਂ ਤੋਂ ਨਿਜਾਤ ਦਿਵਾਉਣ ਲਈ ਕੋਈ ਢੁਕਵੇਂ ਕਦਮ ਚੁੱਕੇ ਗਏ ਹਨ। ਇਨ੍ਹਾਂ ਹਾਦਸਿਆਂ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਸਰਕਾਰ ਤੁਰੰਤ ਪੀੜਤ ਲੜਕੀ ਨੂੰ ਢੁਕਵੀਂ ਆਰਥਿਕ ਸਹਾਇਤਾ ਦੇ ਕੇ ਉਸ ਦਾ ਇਲਾਜ ਕਰਵਾਏ। ਐੱਸਡੀਐੱਮ ਗੜ੍ਹਸ਼ੰਕਰ ਸੰਦੀਪ ਕੁਮਾਰ ਗੌੜ ਨੇ ਸੰਪਰਕ ਕਰਨ ਤੇ ਕਿਹਾ ਕਿ ਉਹ ਜਲਦੀ ਇਹਨਾਂ ਖਿਲਾਫ਼ ਕਾਰਵਾਈ ਕਰਨਗੇ।