ਕੜਾਕੇ ਦੀ ਠੰਢ ਦੇ ਮੱਦੇਨਜ਼ਰ ਸਿਵਲ ਹਸਪਤਾਲ ਨੂੰ 25 ਕੰਬਲ ਦਾਨ
ਕੜਾਕੇ ਦੀ ਠੰਢ ਦੇ ਮੱਦੇਨਜ਼ਰ ਇਨਰ ਵੀਲ ਕਲੱਬ ਹੁਸ਼ਿਆਰਪੁਰ ਵੱਲੋਂ ਸਿਵਲ ਹਸਪਤਾਲ ਨੂੰ 25 ਕੰਬਲ ਦਾਨ
Publish Date: Mon, 19 Jan 2026 06:23 PM (IST)
Updated Date: Tue, 20 Jan 2026 04:12 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕੜਾਕੇ ਦੀ ਠੰਢ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਰਵ੍ਹੀਲ ਕਲੱਬ ਹੁਸ਼ਿਆਰਪੁਰ ਵੱਲੋਂ ਸਮਾਜ ਸੇਵਾ ਦੇ ਤਹਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ 25 ਕੰਬਲ ਦਾਨ ਕੀਤੇ ਗਏ। ਇਸ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਨਵਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨੇਹਾ ਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਉਪਰਾਲੇ ਦਾ ਮੁੱਖ ਮਕਸਦ ਠੰਢ ਦੌਰਾਨ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਇਸ ਮੌਕੇ ਇਨਰਵ੍ਹੀਲ ਕਲੱਬ ਹੁਸ਼ਿਆਰਪੁਰ ਦੀ ਪ੍ਰਧਾਨ ਨੇਹਾ ਸਚਦੇਵਾ, ਸ਼ਿਵਾਨੀ ਮਲਹੋਤਰਾ ਅਤੇ ਕਲੱਬ ਦੀਆਂ ਮੈਂਬਰ ਨੀਰੂ ਮਹੇਸ਼ਵਰੀ ਤੇ ਸਾਦਿਕਾ ਵੀ ਹਾਜ਼ਰ ਰਹੇ। ਕਲੱਬ ਦੇ ਮੈਂਬਰਾਂ ਵੱਲੋਂ ਸਮਾਜਿਕ ਸਰੋਕਾਰ ਅਧੀਨ ਇਹ ਸਹਿਯੋਗ ਪ੍ਰਦਾਨ ਕੀਤਾ ਗਿਆ। ਐੱਸਐੱਮਓ ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ ਨੇ ਇਨਰ ਵੀਲ ਕਲੱਬ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਇਸ ਮਨੁੱਖਤਾ ਭਰਪੂਰ ਕਦਮ ਦੀ ਭਰਪੂਰ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਜਿਕ ਸਹਿਯੋਗ ਸਿਹਤ ਸੰਸਥਾਵਾਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਕੰਬਲ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਅਤੇ ਹੋਰ ਲੋੜਵੰਦਾਂ ਨੂੰ ਤੁਰੰਤ ਵੰਡੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਸਰਦੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਇਨਰ ਵੀਲ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੀ ਸਮਾਜ ਸੇਵਾ ਜਾਰੀ ਰਹੇਗੀ। ਇਨਰਵ੍ਹੀਲ ਕਲੱਬ ਹੁਸ਼ਿਆਰਪੁਰ ਦੇ ਪ੍ਰਤਿਨਿਧੀਆਂ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ-ਸਮੇਂ ’ਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਲੋੜਵੰਦ ਵਰਗ ਦੀ ਸਹਾਇਤਾ ਲਈ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।