ਫੂਡ ਸੇਫਟੀ ਟੀਮ ਵੱਲੋਂ ਮਾਹਿਲਪੁਰ ਇਲਾਕੇ ’ਚ ਰੁਟੀਨ ਜਾਂਚ
ਫੂਡ ਸੇਫਟੀ ਟੀਮ ਵੱਲੋਂ ਮਾਹਿਲਪੁਰ ਖੇਤਰ ਵਿੱਚ ਰੁਟੀਨ ਜਾਂਚ, ਸਕੂਲਾਂ ਅਤੇ ਫੂਡ ਬਿਜ਼ਨਸ ਸਥਾਨਾਂ ਤੋਂ ਖਾਣ-ਪੀਣ
Publish Date: Mon, 19 Jan 2026 06:19 PM (IST)
Updated Date: Tue, 20 Jan 2026 04:12 AM (IST)

ਸਕੂਲਾਂ ਤੇ ਫੂਡ ਬਿਜ਼ਨੈੱਸ ਸਥਾਨਾਂ ਤੋਂ ਖਾਣ-ਪੀਣ ਦੇ ਪਦਾਰਥਾਂ ਦੇ ਸੈਂਪਲ ਭਰੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਤੇ ਗੁਣਵੱਤਾਪੂਰਨ ਭੋਜਨ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਵਿਭਾਗ ਪੰਜਾਬ ਵੱਲੋਂ ਨਿਰੰਤਰ ਰੁਟੀਨ ਜਾਂਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਤੇ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਦੀ ਮੌਜੂਦਗੀ ਹੇਠ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਮਾਹਿਲਪੁਰ ਖੇਤਰ ’ਚ ਰੁਟੀਨ ਜਾਂਚ ਮੁਹਿੰਮ ਦੌਰਾਨ 2 ਸਕੂਲਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਾਵਧਾਨਾਂ ਅਨੁਸਾਰ ਸਕੂਲਾਂ ਤੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 4 ਸੈਂਪਲ ਭਰੇ ਗਏ, ਜਿਨ੍ਹਾਂ ’ਚ ਚੌਲ, ਚਣਾ, ਨਮਕ ਤੇ ਆਟਾ ਸ਼ਾਮਲ ਹਨ। ਇਹ ਸੈਂਪਲ ਗੁਣਵੱਤਾ ਜਾਂਚ ਲਈ ਇਕੱਤਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਲਾਕੇ ’ਚ ਕੰਮ ਕਰ ਰਹੇ ਵੱਖ-ਵੱਖ ਫੂਡ ਬਿਜ਼ਨੈੱਸ ਆਪ੍ਰੇਟਰਾਂ ਤੋਂ ਵੀ ਖਾਣ-ਪੀਣ ਦੀਆਂ ਵਸਤਾਂ ਦੇ 4 ਹੋਰ ਸੈਂਪਲ ਇਕੱਠੇ ਕੀਤੇ ਗਏ, ਜਿਨ੍ਹਾਂ ’ਚ ਬਿਸਕੁਟ, ਕੈਂਡੀ, ਖੋਆ ਤੇ ਦਹੀਂ ਸ਼ਾਮਲ ਹਨ। ਜਾਂਚ ਮੁਹਿੰਮ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਸਬੰਧਤ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਫੂਡ ਸੇਫਟੀ ਰਜਿਸਟ੍ਰੇਸ਼ਨ/ਲਾਇਸੈਂਸ (ਜਿੱਥੇ ਲਾਗੂ ਹੋਵੇ) ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਆਪਣੇ ਕਾਰੋਬਾਰੀ ਸਥਾਨਾਂ ’ਤੇ ਹਰ ਸਮੇਂ ਸਾਫ਼-ਸਫ਼ਾਈ, ਨਿੱਜੀ ਸਵੱਛਤਾ ਤੇ ਸੈਨੇਟਰੀ ਹਾਲਾਤ ਬਣਾਈ ਰੱਖਣ ਸਬੰਧੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਫੂਡ ਸੇਫਟੀ ਟੀਮ ਨੇ ਇਹ ਵੀ ਜ਼ੋਰ ਦਿੱਤਾ ਕਿ ਖਾਣ-ਪੀਣ ਦੀ ਤਿਆਰੀ, ਸਟੋਰੇਜ ਤੇ ਵਿਕਰੀ ਦੌਰਾਨ ਨਿਰਧਾਰਤ ਭੋਜਨ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਲੋਕਾਂ ਅਤੇ ਵਿਦਿਆਰਥੀਆਂ ਦੀ ਸਿਹਤ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾ ਸਕੇ।