ਵਿਰੋਧੀ ਧਿਰ ‘ਜੀ ਰਾਮ ਜੀ’ ਯੋਜਨਾ ਦਾ ਕਰ ਰਹੀ ਬੋਲੜਾ ਵਿਰੋਧ : ਭਾਰਤੀ
ਵਿਰੋਧੀ ਧਿਰ 'ਜੀ ਰਾਮ ਜੀ' ਯੋਜਨਾ ਦਾ ਕਰ ਰਹੀ ਬੋਲੜਾ ਵਿਰੋਧ - ਸ਼ੰਭੂ ਨਾਥ ਭਾਰਤੀ
Publish Date: Mon, 19 Jan 2026 04:40 PM (IST)
Updated Date: Tue, 20 Jan 2026 04:04 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਉੱਪ ਮੰਡਲ ਮੁਕੇਰੀਆਂ ਦੇ ਪਿੰਡ ਕਲਸਾਂ ਵਿਖੇ ਭਾਜਪਾ ਦੀ ਇੱਕ ਵਿਸ਼ੇਸ਼ ਮੀਟਿੰਗ ਸੰਮਤੀ ਮੈਂਬਰ ਰਮੇਸ਼ ਚੰਦਰ ਤੇ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ’ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ‘ਜੀ ਰਾਮ ਜੀ’ ਯੋਜਨਾ ਪ੍ਰਚਾਰ ਮੁਹਿੰਮ ਦੇ ਇੰਚਾਰਜ ਸ਼ੰਭੂ ਨਾਥ ਭਾਰਤੀ ਮੌਜੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਸ਼ੰਭੂ ਨਾਥ ਭਾਰਤੀ ਨੇ ਪਿੰਡ ਦੇ ਮੇਟ ਤੇ ਯੋਜਨਾ ਨਾਲ ਸਬੰਧਤ ਜਾਬ ਕਾਰਡ ਧਾਰਕਾਂ ਨੂੰ ਜੀ ਰਾਮ ਜੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਮਨਰੇਗਾ ਯੋਜਨਾ ਮਜ਼ਦੂਰਾਂ ਦੇ ਸ਼ੋਸ਼ਣ ਤੇ ਭ੍ਰਿਸ਼ਟਾਚਾਰ ਦਾ ਕੇਂਦਰ ਬਣ ਚੁੱਕੀ ਸੀ ਤੇ ਇਸ ’ਚ ਰਿਕਾਰਡਤੋੜ ਭ੍ਰਿਸ਼ਟਾਚਾਰ ਹੋਇਆ ਹੈ। ਇਸੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਦੂਰ ਤੇ ਕਿਸਾਨ ਵਿਰੋਧੀ ਯੋਜਨਾ ’ਚ ਇਤਿਹਾਸਿਕ ਸੋਧਾਂ ਕਰ ਕੇ ਯੋਜਨਾ ਦਾ ਨਾਮ ਜੀ ਰਾਮ ਜੀ ਯੋਜਨਾ ਰੱਖਿਆ ਤੇ ਮਜ਼ਦੂਰਾਂ ਦੇ ਹਿੱਤ ਸੁਰੱਖਿਅਤ ਕੀਤੇ। ਨਵੀਂ ਯੋਜਨਾ ਦੀ ਪਾਰਦਰਸ਼ਤਾ ਤੇ ਪ੍ਰਭਾਵਸ਼ੀਲਤਾ ਕਰ ਕੇ ਵਿਰੋਧੀ ਧਿਰ ਘਬਰਾਈ ਹੋਈ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵਿਰੋਧੀਆਂ ਲਈ ਕੋਈ ਵੀ ਅਜਿਹਾ ਮੁੱਦਾ ਨਹੀਂ ਛੱਡ ਰਹੇ, ਜਿਸ ਦੇ ਆਧਾਰ ’ਤੇ ਉਹ ਆਪਣੀ ਰਾਜਨੀਤੀ ਕਰ ਸਕਣ। ਇਸੇ ਲਈ ਮੁੱਦੇਹੀਣ ਵਿਰੋਧੀ ਧਿਰ ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਜੀ ਰਾਮ ਜੀ ਯੋਜਨਾ ਦਾ ਵਿਰੋਧ ਕਰ ਰਹੀ ਹੈ ਤੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਮੋਦੀ ਨੇ ਗਰੀਬ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲਿਆ। ਅਸਲੀਅਤ ਇਹ ਹੈ ਕਿ 100 ਦਿਨਾਂ ਦੇ ਰੁਜ਼ਗਾਰ ਨੂੰ ਵਧਾ ਕੇ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ ਤੇ ਜੇ ਰੁਜ਼ਗਾਰ ਨਾ ਮਿਲੇ ਤਾਂ ਬੇਰੁਜ਼ਗਾਰੀ ਭੱਤੇ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਮਜ਼ਦੂਰਾਂ ਨੂੰ ਜੀ ਰਾਮ ਜੀ ਯੋਜਨਾ ਦੇ ਫ਼ਾਇਦਿਆਂ ਤੋਂ ਜਾਣੂ ਹੋ ਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਸੰਮਤੀ ਮੈਂਬਰ ਰਮੇਸ਼ ਚੰਦਰ, ਸਰਪੰਚ ਸੁਭਾਸ਼ ਚੰਦਰ, ਪੰਚ ਮਨਜੀਤ ਸਿੰਘ, ਪੰਚ ਵਿਜੈ ਕੁਮਾਰ, ਪੰਚ ਰਾਮ ਜੀ ਦਾਸ, ਮੇਟ ਬਲਜੀਤ ਕੌਰ, ਸ਼ਾਂਤੀ ਦੇਵੀ, ਕਾਂਤਾ ਦੇਵੀ, ਕਿਰਨ ਦੇਵੀ, ਤਰਸੇਮ ਲਾਲ, ਸੁਨੀਤਾ ਦੇਵੀ, ਸੰਤੋਸ਼ ਕੁਮਾਰ ਸਮੇਤ ਵੱਡੀ ਗਿਣਤੀ ਜੀ ਰਾਮ ਜੀ ਯੋਜਨਾ ਦੇ ਰੁਜ਼ਗਾਰ ਕਾਰਡਧਾਰਕ ਹਾਜ਼ਰ ਸਨ।