ਮਨਰੇਗਾ ’ਚ ਤਬਦੀਲੀ ਦੇ ਵਿਰੋਧ ’ਚ ਰੋਸ, ਰਾਸ਼ਟਰਪਤੀ ਦੇ ਨਾਂ ਡੀਸੀ ਨੂੰ ਮੰਗ-ਪੱਤਰ
ਮਨਰੇਗਾ ’ਚ ਤਬਦੀਲੀ ਦੇ ਵਿਰੋਧ ’ਚ ਰੋਸ, ਰਾਸ਼ਟਰਪਤੀ ਦੇ ਨਾਂ ਡੀਸੀ ਨੂੰ ਮੰਗ ਪੱਤਰ
Publish Date: Mon, 19 Jan 2026 04:26 PM (IST)
Updated Date: Tue, 20 Jan 2026 04:03 AM (IST)

ਆਰਐੱਸਐੱਸ ਤੇ ਬਜਰੰਗ ਦਲ ’ਤੇ ਪਾਬੰਦੀ ਦੀ ਮੰਗ, ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਬਾਹਰ ਨਾਅਰੇਬਾਜ਼ੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕ੍ਰਿਸ਼ਚੀਅਨ ਨੈਸ਼ਨਲ ਫਰੰਟ (ਸੀਐੱਨਐੱਫ), ਪਾਸਟਰ ਐਸੋਸੀਏਸ਼ਨ, ਸਿੱਖ ਤੇ ਦਲਿਤ ਜਥੇਬੰਦੀਆਂ ਦੇ ਸਾਂਝੇ ਵਫ਼ਦ ਵੱਲੋਂ ਸੋਮਵਾਰ ਨੂੰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ, ਹੁਸ਼ਿਆਰਪੁਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਫ਼ਦ ਦੀ ਅਗਵਾਈ ਸੀਐੱਨਐੱਫ਼ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕੀਤੀ। ਰੋਸ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ-ਪੱਤਰ ਸੌਂਪਿਆ ਗਿਆ। ਲਾਰੈਂਸ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ’ਚ ਕੀਤੀਆਂ ਤਬਦੀਲੀਆਂ ਗਰੀਬ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਨੁਕਸਾਨਦੇਹ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ’ਚ ਕੀਤਾ ਗਿਆ ਨਵਾਂ ਬਦਲਾਅ ਤੁਰੰਤ ਵਾਪਸ ਲਿਆ ਜਾਵੇ ਤੇ ਪੁਰਾਣਾ ਕਾਨੂੰਨ ਬਹਾਲ ਕੀਤਾ ਜਾਵੇ। ਉਨ੍ਹਾਂ ਕ੍ਰਿਸਮਸ ਮੌਕੇ ਭਾਜਪਾ ਸ਼ਾਸਿਤ ਰਾਜਾਂ ’ਚ ਚਰਚਾਂ ’ਤੇ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਆਰਐੱਸਐੱਸ ਤੇ ਬਜਰੰਗ ਦਲ ਨਾਲ ਜੁੜੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਦੇਸ਼ ’ਚ ਡਰ ਅਤੇ ਹਿੰਸਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਯੂਏਪੀਏ ਤੇ ਐੱਨਐੱਸਏ ਵਰਗੇ ਕਾਨੂੰਨਾਂ ਤਹਿਤ ਸਖਤ ਕਾਰਵਾਈ ਕਰਨ ਤੇ ਆਰਐੱਸਐੱਸ ਤੇ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਇਸ ਮੌਕੇ ਪਾ.ਧਰਮਿੰਦਰ ਭਾਗਰਲ ਜ਼ਿਲ੍ਹਾ ਪ੍ਰਧਾਨ ਸੀਐੱਨਐੱਫ, ਮਾ. ਮੁਹਿੰਦਰ ਹੀਰ, ਪਾਸਟਰ ਬਲਜਿੰਦਰ ਜਨ. ਸਕੱਤਰ ਪਾਸਟਰ ਐਸੋਸੀਏਸਨ, ਨਿਹੰਗ ਸਿੰਘ ਬਾਬਾ ਕਸ਼ਮੀਰਾ ਸਿੰਘ, ਬਾਬਾ ਰਾਜਾ ਸਿੰਘ ਫਾਵੜਾ ਭਟੋਲੀਆ, ਬਾਬਾ ਰਣਦੀਪ ਸਿੰਘ ਧਨੋਆ, ਪਾ. ਭੀਮ, ਪਰਮਜੀਤ ਪੰਮਾ ਪ੍ਰਧਾਨ ਟਾਂਡਾ, ਪਾ. ਪ੍ਰਦੀਪ, ਜਗਦੀਸ਼ ਬੱਧਣ, ਬਲਬੀਰ ਸਿੰਘ ਪੰਜਗਰਾਈ, ਸੋਹਣ ਮਸੀਹ ਪ੍ਰਧਾਨ ਦਸੂਹਾ, ਅਯੂਬ ਮਸੀਹ ਮੀਤ ਪ੍ਰਧਾਨ ਟਾਂਡਾ, ਬਲਵਿੰਦਰ ਮਸੀਹ, ਮੁਹਿੰਦਰਪਾਲ, ਰਮਨ ਖੋਸਲਾ, ਡਾ. ਸਤਪਾਲ ਭੱਟੀ, ਪ੍ਰੇਮ ਮੈਸੀ, ਤੁਫੈਲ ਮਸੀਹ, ਸੁਰਿੰਦਰ ਗਿੱਲ ਆਦਿ ਸ਼ਾਮਲ ਹੋੲੈ। ਇਸ ਮੌਕੇ ਵੱਡੀ ਗਿਣਤੀ ’ਚ ਪਾਸਟਰ, ਸਿੱਖ ਤੇ ਦਲਿਤ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ, ਜਿਨ੍ਹਾਂ ’ਚ ਬਲਬੀਰ ਸਿੰਘ ਸਮੇਤ ਹੋਰ ਆਗੂ ਵੀ ਸ਼ਾਮਲ ਸਨ।