ਪ੍ਰਧਾਨ ਧਾਮੀ ਖਿਲਾਫ਼ ਟਿੱਪਣੀ ਕਰਨਾ ਨਿੰਦਣਯੋਗ : ਮੰਝਪੁਰ
ਪ੍ਰਧਾਨ ਧਾਮੀ ਖਿਲਾਫ਼ ਟਿੱਪਣੀ ਕਰਨਾ ਨਿੰਦਣਯੋਗ - ਈਸ਼ਰ ਸਿੰਘ ਮੰਝਪੁਰ
Publish Date: Mon, 19 Jan 2026 04:12 PM (IST)
Updated Date: Tue, 20 Jan 2026 04:01 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਲਕਾ ਮਜੀਠਾ ਵਿਖੇ ਇੱਕ ਰੈਲੀ ਦੌਰਾਨ ਪੰਥ ਦੀ ਸਤਿਕਾਰਯੋਗ ਸ਼ਖ਼ਸੀਅਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਿਲਾਫ਼ ਕੀਤੀ ਭੱਦੀ ਟਿੱਪਣੀ ਬਹੁਤ ਹੀ ਮੰਦਭਾਗਾ ਵਰਤਾਰਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜ੍ਹੀ ਹੈ। ਇਹ ਪ੍ਰਗਟਾਵਾ ਕਰਦਿਆਂ ਹਲਕਾ ਮੁਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੁਲਾਜ਼ਮ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਜਥੇ. ਈਸ਼ਰ ਸਿੰਘ ਮੰਝਪੁਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਆਦਾ ’ਚ ਅਥਾਹ ਵਿਸ਼ਵਾਸ਼ ਰੱਖਣ ਵਾਲੇ ਇੱਕ ਨੇਕ, ਇਮਾਨਦਾਰ ਤੇ ਸੱਚੇ-ਸੁੱਚੇ ਇਨਸਾਨ ਬਾਰੇ ਅਜਿਹੀਆਂ ਟਿੱਪਣੀਆਂ ਕਰਨਾ ਸਿਰਫ਼ ਵਿਅਕਤੀਗਤ ਹਮਲਾ ਹੀ ਨਹੀਂ ਸਗੋਂ ਪੂਰੇ ਸਿੱਖ ਪੰਥ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਨਿਰਾਸ਼ਾਜਨਕ ਹੈ ਤੇ ਇਹ ਉਨ੍ਹਾਂ ਦੀ ਅਨੈਤਿਕ ਸੋਚ ਨੂੰ ਦਰਸਾਉਂਦਾ ਹੈ। ਅਜਿਹੇ ਬਿਆਨਾਂ ਨਾਲ ਸੂਬੇ ਦੇ ਸਭ ਤੋਂ ਉੱਚੇ ਅਹੁਦੇ ਦੀ ਮਾਣ-ਮਰਿਆਦਾ ਨੂੰ ਵੀ ਠੇਸ ਪਹੁੰਚਦੀ ਹੈ। ਜਥੇਦਾਰ ਮੰਝਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਸੰਜੀਦਗੀ, ਸੰਯਮਤਾ ਤੇ ਜ਼ਿੰਮੇਵਾਰੀ ਭਰੇ ਵਿਵਹਾਰ ਦੀ ਉਮੀਦ ਰੱਖਦੇ ਹਨ ਨਾ ਕਿ ਪੰਥਕ ਮਰਿਆਦਾਵਾਂ ਦੇ ਉਲਟ ਬਿਆਨਾਂ ਦੀ।