ਨਾਜਾਇਜ਼ ਸ਼ਰਾਬ ਵਿਰੁੱਧ ਕਾਰਵਾਈ, ਇਕ ਔਰਤ ਸਣੇ 2 ਕਾਬੂ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਵਿਰੁੱਧ ਕਾਰਵਾਈ, ਤਿੰਨ ਕੇਸਾਂ ਵਿੱਚ ਇਕ ਔਰਤ ਸਮੇਤ ਦੋ ਗ੍ਰਿਫਤਾਰ, ਇਕ ਫਰਾਰ
Publish Date: Sun, 18 Jan 2026 07:48 PM (IST)
Updated Date: Mon, 19 Jan 2026 04:18 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਵੱਲੋਂ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਅਲੱਗ–ਅਲੱਗ ਕਾਰਵਾਈਆਂ ਦੌਰਾਨ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਨੇ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ। ਸਾਰੇ ਮਾਮਲਿਆਂ ਵਿੱਚ ਮੁਲਜ਼ਮਾਂ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ। ਮੁਕੇਰੀਆ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਕਾਂਤਾ ਦੇਵੀ ਵਾਸੀ ਘਸੀਟਪੁਰ ਨੂੰ ਨੈਸ਼ਨਲ ਹਾਈਵੇ-44 ਨੇੜੇ ਘਸੀਟਪੁਰ ਮੋੜ ਤੋਂ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਮੁਲਜ਼ਮਾ ਆਪਣੇ ਕਬਜ਼ੇ ਵਿੱਚ ਪਲਾਸਟਿਕ ਕੈਨ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਗ੍ਰਾਹਕਾਂ ਦੀ ਉਡੀਕ ਕਰ ਰਹੀ ਸੀ। ਛਾਪੇਮਾਰੀ ਦੌਰਾਨ ਉਸ ਪਾਸੋਂ 15 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ। ਦਸੂਹਾ ਪੁਲਿਸ ਨੇ ਏਐਸਆਈ ਬਲਵੰਤ ਸਿੰਘ ਦੀ ਅਗਵਾਈ ਵਿੱਚ ਟੀ-ਪੁਆਇੰਟ ਜਾਗਲਾ ਨੇੜੇ ਕਾਰਵਾਈ ਕਰਦੇ ਹੋਏ ਹਰਪ੍ਰੀਤ ਸਿੰਘ ਉਰਫ ਰਾਜਨ ਵਾਸੀ ਪਵੇਂ ਝਿੰਗੜ ਨੂੰ ਕਾਬੂ ਕੀਤਾ। ਮੁਲਜ਼ਮ ਦੇ ਕਬਜ਼ੇ ਵਿੱਚੋਂ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡਸਟਰੀਅਲ ਫੋਕਲ ਪੌਇੰਟ, ਪੁਰਹੀਰਾਂ ਪੁਲਿਸ ਨੇ ਏਐੱਸਆਈ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਰਹੀਮਪੁਰ ਚੌਕ ਨੇੜੇ ਛਾਪੇਮਾਰੀ ਦੌਰਾਨ ਬ੍ਰਿਜ ਕਿਸ਼ੋਰ ਉਰਫ ਬਿਰਜੂ ਵਾਸੀ ਹਰੀ ਕ੍ਰਿਸ਼ਨਾ ਨਗਰ, ਰਹੀਮਪੁਰ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਸ ਪਾਸੋਂ ਹਿਮਾਚਲ ਪ੍ਰਦੇਸ਼ ਲਈ ਨਿਰਧਾਰਤ 48 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਮੁਲਜ਼ਮ ਦਾ ਪੁੱਤਰ ਅਮਨ ਕੁਮਾਰ ਵੀ ਸ਼ਾਮਲ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।