ਬਾਲ ਭਿੱਖਿਆ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਸਖ਼ਤ ਕਾਰਵਾਈ
ਬਾਲ ਭਿੱਖਿਆਵ੍ਰਿਤੀ ਰੋਕਣ ਲਈ ਜ਼ਿਲ੍ਹਾ ਟਾਸਕ ਫੋਰਸ ਦੀ ਸਖ਼ਤ ਕਾਰਵਾਈ
Publish Date: Sun, 18 Jan 2026 07:36 PM (IST)
Updated Date: Mon, 19 Jan 2026 04:18 AM (IST)

ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਜਾਗਰੂਕਤਾ ਤੇ ਚੈਕਿੰਗ ਮੁਹਿੰਮ ਚਲਾਈ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਪ੍ਰੋਜੈਕਟ ਜੀਵਨਜੋਤ-2 ਤਹਿਤ ਬਾਲ ਭਿੱਖਿਆਵ੍ਰਿਤੀ ਵਿਰੁੱਧ ਸਖ਼ਤ ਮੁਹਿੰਮ ਲਗਾਤਾਰ ਜਾਰੀ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਦੀ ਅਗਵਾਈ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਦੀ ਟੀਮ ਵੱਲੋਂ ਬਾਲ ਭਿੱਖਿਆਵ੍ਰਿਤੀ ਰੋਕਥਾਮ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਸਹਿਯੋਗ ਨਾਲ 17 ਤੇ 18 ਜਨਵਰੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸ਼ਿਮਲਾ ਪਹਾੜੀ, ਫੂਡ ਸਟ੍ਰੀਟ, ਸਬਜ਼ੀ ਮੰਡੀ, ਰੇਲਵੇ ਸਟੇਸ਼ਨ, ਰੇਲਵੇ ਰੋਡ, ਬੱਸ ਅੱਡਾ, ਫਗਵਾੜਾ ਚੌਕ, ਸ਼ਨੀ ਮੰਦਰ ਸਮੇਤ ਹੋਰ ਜਨਤਕ ਸਥਾਨਾਂ ’ਤੇ ਰੇਡਾਂ ਕੀਤੀਆਂ ਗਈਆਂ। ਇਸ ਮੌਕੇ ਆਮ ਲੋਕਾਂ ਨੂੰ ਬਾਲ ਭਿੱਖਿਆਵ੍ਰਿਤੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਹੋਇਆ ਦਿਖਾਈ ਦੇਵੇ ਤਾਂ ਤੁਰੰਤ ਬਾਲ ਹੈਲਪਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ ਤਾਂ ਜੋ ਬੱਚੇ ਨੂੰ ਸਮੇਂ ਸਿਰ ਸੁਰੱਖਿਅਤ ਜੀਵਨ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਜਾਂ 1098 ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਨਵਰੀ ਮਹੀਨੇ ਦੌਰਾਨ ਹੁਣ ਤੱਕ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ 4 ਬੱਚਿਆਂ ਨੂੰ ਰੈਸਕਿਊ ਕਰ ਕੇ ਬਾਲ ਕਲਿਆਣ ਕਮੇਟੀ ਹੁਸ਼ਿਆਰਪੁਰ ਅੱਗੇ ਪੇਸ਼ ਕੀਤਾ ਗਿਆ। ਕਾਊਂਸਲਿੰਗ ਉਪਰੰਤ ਬੱਚਿਆਂ ਨੂੰ ਚਿਲਡਰਨ ਹੋਮ ’ਚ ਦਾਖ਼ਲ ਕਰਵਾਇਆ ਗਿਆ, ਜਦਕਿ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਦੋ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਕਿਹਾ ਕਿ ਜੇ ਕੋਈ ਮਾਪੇ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਪਾਏ ਗਏ ਤਾਂ ਉਨ੍ਹਾਂ ਦੇ ਡੀਐੱਨਏ ਟੈਸਟ ਕਰਵਾਏ ਜਾਣਗੇ ਤੇ ਰਿਪੋਰਟ ਮੇਲ ਨਾ ਖਾਣ ਦੀ ਸਥਿਤੀ ’ਚ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਕਾਰਵਾਈਆਂ ਭਵਿੱਖ ’ਚ ਵੀ ਲਗਾਤਾਰ ਜਾਰੀ ਰਹਿਣਗੀਆਂ। ਇਸ ਮੁਹਿੰਮ ਦੌਰਾਨ ਸੁਖਜਿੰਦਰ ਸਿੰਘ, ਅੰਜਲੀ ਅਗਰਵਾਲ, ਕਿਰਣ ਸੈਣੀ, ਦੀਕਸ਼ਾ ਸ਼ਰਮਾ ਸਮੇਤ ਸਿੱਖਿਆ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਸਹਿਯੋਗ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਦੁਹਰਾਇਆ ਕਿ ਬੱਚਿਆਂ ਦੀ ਸੁਰੱਖਿਆ ਤੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।