ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ’ਚ ਮਕਰ ਸੰਕ੍ਰਾਂਤੀ ਮੌਕੇ ਅਧਿਆਤਮਕ ਸਭਾ
ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਿੱਚ ਮਕਰ ਸੰਕ੍ਰਾਂਤੀ ਮੌਕੇ ਅਧਿਆਤਮਿਕ ਸਭਾ
Publish Date: Sun, 18 Jan 2026 06:09 PM (IST)
Updated Date: Mon, 19 Jan 2026 04:12 AM (IST)

ਸਾਧਵੀ ਪੂਨਮ ਭਾਰਤੀ ਨੇ ਪੁਰਬ ਦੇ ਵਿਗਿਆਨਕ ਤੇ ਆਤਮਿਕ ਮਹੱਤਵ ’ਤੇ ਪਾਈ ਰੌਸ਼ਨੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਹੁਸ਼ਿਆਰਪੁਰ ਵਿਖੇ ਆਸ਼ਰਮ ਵਿੱਚ ਮਕਰ ਸੰਕ੍ਰਾਂਤੀ ਦੇ ਪਵਿੱਤਰ ਤਿਉਹਾਰ ਮੌਕੇ ਇੱਕ ਵਿਸ਼ੇਸ਼ ਹਫ਼ਤਾਵਾਰੀ ਅਧਿਆਤਮਿਕ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਧਵੀ ਪੂਨਮ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਮਕਰ ਸੰਕ੍ਰਾਂਤੀ ਦੇ ਵਿਗਿਆਨਕ ਅਤੇ ਅਧਿਆਤਮਿਕ ਮਹੱਤਵ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਸਾਧਵੀ ਨੇ ਕਿਹਾ ਕਿ ਪੁਰਾਣਾਂ ਅਤੇ ਵਿਗਿਆਨ ਅਨੁਸਾਰ ਜਦੋਂ ਸੂਰਜ ਉੱਤਰਾਇਣ ਦੀ ਅਵਸਥਾ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਹਨੇਰਾ ਘਟਦਾ ਹੈ ਅਤੇ ਪ੍ਰਕਾਸ਼ ਵਧਦਾ ਹੈ, ਜੋ ਮਨੁੱਖੀ ਜੀਵਨ ਵਿੱਚ ਸਕਾਰਾਤਮਕ ਊਰਜਾ ਅਤੇ ਤਰੱਕੀ ਦਾ ਪ੍ਰਤੀਕ ਹੈ। ਧਾਰਮਿਕ ਮਾਨਤਾ ਅਨੁਸਾਰ ਇਹ ਸਮਾਂ ਆਤਮਿਕ ਸ਼ੁੱਧੀ, ਤੀਰਥ ਇਸ਼ਨਾਨ ਅਤੇ ਦਾਨ-ਪੁੰਨ ਰਾਹੀਂ ਆਤਮ-ਉੱਧਾਰ ਦਾ ਮਾਰਗ ਦੱਸਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸੂਰਜ ਬਾਹਰੀ ਸੰਸਾਰ ਦੇ ਹਨੇਰੇ ਨੂੰ ਮਿਟਾਉਂਦਾ ਹੈ, ਉਵੇਂ ਹੀ ਪੂਰਨ ਸਤਿਗੁਰੂ ਮਨੁੱਖ ਦੇ ਹਿਰਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਬ੍ਰਹਮ ਗਿਆਨ ਦੇ ਦਿਵਯ ਪ੍ਰਕਾਸ਼ ਨਾਲ ਜੀਵਨ ਨੂੰ ਰੌਸ਼ਨ ਕਰਦਾ ਹੈ। ਕੁਦਰਤ ਦੀ ਹਰ ਰੁੱਤ ਅਤੇ ਹਰ ਪਰਿਵਰਤਨ ਮਨੁੱਖ ਨੂੰ ਭਗਵਾਨ ਨਾਲ ਜੁੜਨ ਦਾ ਸੰਦੇਸ਼ ਦਿੰਦਾ ਹੈ, ਪਰ ਇਸਦਾ ਅਸਲ ਲਾਭ ਉਹੀ ਪ੍ਰਾਪਤ ਕਰ ਸਕਦਾ ਹੈ ਜੋ ਗੁਰੂ ਦੀ ਛਤਰ-ਛਾਇਆ ਹੇਠ ਆਤਮਿਕ ਤੌਰ ’ਤੇ ਜਾਗਰੂਕ ਹੋਵੇ। ਸਾਧਵੀ ਪੂਨਮ ਭਾਰਤੀ ਨੇ ਇਸ ਮੌਕੇ ਸਿੱਖ ਇਤਿਹਾਸ ਦੇ ਮਹਾਨ ਪ੍ਰਸੰਗ ‘ਚਾਲੀ ਮੁਕਤਿਆਂ’ ਅਤੇ ਮਾਈ ਭਾਗੋ ਜੀ ਦੀ ਸ਼ੂਰਵੀਰਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਵੇਂ ਮਾਈ ਭਾਗੋ ਜੀ ਦੀ ਪ੍ਰੇਰਣਾ ਨਾਲ ਗੁਰੂ ਤੋਂ ਬੇਮੁੱਖ ਹੋਏ ਸਿੰਘ ਮੁੜ ਗੁਰੂ ਦੀ ਸ਼ਰਨ ਵਿੱਚ ਆਏ ਅਤੇ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਨ੍ਹਾਂ ਨੂੰ ‘ਮੁਕਤੀ’ ਦਾ ਵਰਦਾਨ ਦੇਣਾ ਸੱਚੀ ਭਗਤੀ ਅਤੇ ਸਮਰਪਣ ਦੀ ਮਹਾਨ ਮਿਸਾਲ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਜਾਂ ਮਾਘੀ ਦਾ ਇਹ ਪੁਰਬ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਸੰਤ ਅਤੇ ਗੁਰੂ ਸਦਾ ਬਖਸ਼ਣਹਾਰ ਹਨ। ਲੋੜ ਸਿਰਫ਼ ਅਹੰਕਾਰ ਤਿਆਗ ਕੇ ਗੁਰੂ ਦੇ ਚਰਨਾਂ ਵਿੱਚ ਪੂਰਨ ਸਮਰਪਣ ਦੀ ਹੈ, ਤਾਂ ਜੋ ਜੀਵਨ ਦਾ ਅਸਲੀ ਲਕਸ਼ ਪ੍ਰਾਪਤ ਕੀਤਾ ਜਾ ਸਕੇ।