ਗੁ. ਹਰੀਆਂ ਵੇਲਾਂ ਵਿਖੇ ਮੱਸਿਆ ਮੌਕੇ ਗੁਰਮਤਿ ਸਮਾਗਮ
ਗੁ: ਹਰੀਆਂ ਵੇਲਾਂ ਵਿਖੇ ਮੱਸਿਆ ਮੌਕੇ ਗੁਰਮਤਿ ਸਮਾਗਮ ਕਰਵਾਇਆ
Publish Date: Sun, 18 Jan 2026 06:00 PM (IST)
Updated Date: Mon, 19 Jan 2026 04:09 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ’ਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਵਿਖੇ ਮੱਸਿਆ ਦੇ ਜੋੜ ਮੇਲੇ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਪਰਮਜੀਤ ਸਿੰਘ, ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ, ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਭਾਈ ਸੁਰਜੀਤ ਸਿੰਘ ਹੁਸ਼ਿਆਰਪੁਰ, ਗਿਆਨੀ ਜੋਗਿੰਦਰ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਸੰਗਤਾਂ ਨਾਲ ਕਥਾ ਵਿਚਾਰ ਕਰਦਿਆਂ ਗੁਰਬਾਣੀ ’ਚ ਦਰਸਾਏ ਸੇਵਾ ਸਿਮਰਨ ਦੇ ਮਾਰਗ ’ਤੇ ਚੱਲਣ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਕਿਹਾ। ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਪਾਤਸ਼ਾਹੀ ਸੱਤਵੀਂ ਤੋਂ ਵਰ ਪ੍ਰਾਪਤ ਪਵਿੱਤਰ ਮੋਤੀ ਸਰੋਵਰ ’ਚ ਇਸ਼ਨਾਨ ਕਰ ਕੇ ਦੇਹ ਆਰੋਗਤਾ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।