ਯੁਵਰਾਜ ਨੇ ਰਾਸ਼ਟਰੀ ਸਕੂਲ ਗੇਮਜ਼ ‘ਚ ਜਿੱਤਿਆ ਗੋਲਡ
ਜੇਮਸ ਇੰਟਰਨੈਸ਼ਨਲ ਸਕੂਲ ਦੇ ਯੁਵਰਾਜ ਨੇ ਰਾਸ਼ਟਰੀ ਸਕੂਲ ਗੇਮਜ਼ ‘ਚ ਜਿੱਤਿਆ ਗੋਲਡ, ਸ਼ਹਿਰ ਤੇ ਸਕੂਲ ਦਾ ਨਾਂ ਕੀਤਾ ਰੌਸ਼ਨ
Publish Date: Sun, 18 Jan 2026 05:48 PM (IST)
Updated Date: Mon, 19 Jan 2026 04:09 AM (IST)

ਸ਼ਹਿਰ ਤੇ ਸਕੂਲ ਦਾ ਨਾਂ ਕੀਤਾ ਰੌਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜੇਮਸ ਇੰਟਰਨੈਸ਼ਨਲ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਯੁਵਰਾਜ ਠਾਕੁਰ ਨੇ ਲੁਧਿਆਣਾ ਵਿੱਚ ਆਯੋਜਿਤ 69ਵੀਂ ਰਾਸ਼ਟਰੀ ਸਕੂਲ ਗੇਮਜ਼ ਵਿੱਚ ਜੂਡੋ ਮੁਕਾਬਲੇ ਦੌਰਾਨ ਗੋਲਡ ਮੈਡਲ ਜਿੱਤ ਕੇ ਸ਼ਹਿਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਯੁਵਰਾਜ ਦੇ ਪਿਤਾ ਸੁਰਜੀਤ ਠਾਕੁਰ, ਜੋ ਕਿ ਖੋ-ਖੋ ਦੇ ਕੋਚ ਅਤੇ ਰਾਸ਼ਟਰੀ ਚੈਂਪਿਅਨ ਹਨ ਅਤੇ ਸਰਕਾਰੀ ਸਕੂਲ ਨਾਰੂ ਨੰਗਲ ਵਿੱਚ ਡੀਪੀ ਦੇ ਅਹੁਦੇ ‘ਤੇ ਤਾਇਨਾਤ ਹਨ, ਨੇ ਬੇਟੇ ਦੀ ਇਸ ਉਪਲਬਧੀ ‘ਤੇ ਖੁਸ਼ੀ ਜਤਾਈ। ਉਨ੍ਹਾਂ ਦੱਸਿਆ ਕਿ ਯੁਵਰਾਜ ਨੇ ਅੰਡਰ-14 ਵਰਗ (40 ਕਿਲੋਗ੍ਰਾਮ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ। ਉਨ੍ਹਾਂ ਦੱਸਿਆ ਕਿ ਯੁਵਰਾਜ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਹੋਏ ਕੁਸ਼ਾਰ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਜਲੰਧਰ ਵਿੱਚ ਹੋਏ ਸਬ-ਜੂਨੀਅਰ ਮੁਕਾਬਲੇ, ਕੁਸ਼ਾਰ ਮੁਕਾਬਲੇ ਅਤੇ ਗੁਰਦਾਸਪੁਰ ਵਿੱਚ ਹੋਏ ਟੂਰਨਾਮੈਂਟਾਂ ਦੌਰਾਨ ਵੀ ਗੋਲਡ ਮੈਡਲ ਜਿੱਤ ਕੇ ਆਪਣੇ ਖੇਡ ਕੌਸ਼ਲ ਦਾ ਪ੍ਰਮਾਣ ਦਿੱਤਾ। ਛੱਤੀਸਗੜ੍ਹ ਵਿੱਚ ਹੋਏ ਸਬ-ਜੂਨੀਅਰ ਮੁਕਾਬਲਿਆਂ ਵਿੱਚ ਵੀ ਯੁਵਰਾਜ ਨੇ ਭਾਗ ਲਿਆ ਸੀ। ਹੁਣ ਲੁਧਿਆਣਾ ਵਿੱਚ ਹੋਏ ਰਾਸ਼ਟਰੀ ਪੱਧਰੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੀ ਯੁਵਰਾਜ ਨੇ ਆਪਣੀ ਕਾਬਲਿਯਤ ਸਾਬਤ ਕੀਤੀ ਹੈ। ਸੁਰਜੀਤ ਠਾਕੁਰ ਨੇ ਦੱਸਿਆ ਕਿ 2025-26 ਦੌਰਾਨ ਯੁਵਰਾਜ ਨੇ ਕੁੱਲ 8 ਟੂਰਨਾਮੈਂਟ ਖੇਡੇ ਹਨ, ਜਿਨ੍ਹਾਂ ਵਿੱਚ ਪ੍ਰਾਂਤਕ ਪੱਧਰ ‘ਤੇ ਜੂਡੋ ਅਤੇ ਕੁਸ਼ਾਰ ਵਿੱਚ 4 ਗੋਲਡ ਮੈਡਲ, ਜਦਕਿ ਰਾਸ਼ਟਰੀ ਪੱਧਰ ‘ਤੇ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਭਵਿੱਖ ਦੇ ਵੱਡੇ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।ਹੁਸ਼ਿਆਰਪੁਰ ਪਹੁੰਚਣ ‘ਤੇ ਯੁਵਰਾਜ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਸਨੂੰ ਭਵਿੱਖ ਵਿੱਚ ਹੋਰ ਉਚਾਈਆਂ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕੋਚ ਜਗਮੋਹਨ ਕੈਂਥ, ਜਤਿੰਦਰ ਹਾਂਡਾ ਅਤੇ ਨਰੇਸ਼ ਕੁਮਾਰ ਵੀ ਹਾਜ਼ਰ ਸਨ।