ਚੋਰੀ ਦੇ ਮੋਟਰਸਾਈਕਲਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲਾ ਕਾਬੂ
ਹਾਜੀਪੁਰ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲਾਂ ਦੀ ਖਰੀਦੋ-ਫਰੋਖ਼ਤ ਕਰਨ ਵਾਲਾ ਗ੍ਰਿਫਤਾਰ
Publish Date: Sun, 18 Jan 2026 04:18 PM (IST)
Updated Date: Mon, 19 Jan 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਹੁਸ਼ਿਆਰਪੁਰ ਨੂੰ ਵਾਹਨ ਚੋਰੀ ਦੇ ਮਾਮਲਿਆਂ ’ਚ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਹਾਜੀਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ। ਹਾਜੀਪੁਰ ਥਾਣੇ ਦੇ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਨਾਕਾਬੰਦੀ ਕਰ ਰਹੀ ਸੀ। ਇਸ ਦੌਰਾਨ ਇਕ ਮੁਖਬਰ ਖ਼ਾਸ ਵੱਲੋਂ ਇਤਲਾਹ ਮਿਲੀ ਕਿ ਮਾਸ਼ੂਮ ਅਲੀ ਉਰਫ ਅਮੂ, ਵਾਸੀ ਸੰਧਵਾਲ, ਚੋਰੀ ਦੇ ਮੋਟਰਸਾਈਕਲ ਵੇਚਣ ਦੇ ਧੰਦੇ ਨਾਲ ਜੁੜਿਆ ਹੋਇਆ ਹੈ ਤੇ ਅੱਜ ਇਕ ਬਿਨਾਂ ਨੰਬਰੀ ਚੋਰੀਸ਼ੁਦਾ ਮੋਟਰਸਾਈਕਲ ਵੇਚਣ ਲਈ ਹਾਜੀਪੁਰ ਵੱਲ ਆ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਪਾਵਰ ਕਾਲੋਨੀ ਰੋਡ ’ਤੇ ਨਾਕਾਬੰਦੀ ਕੀਤੀ ਗਈ। ਕੁਝ ਸਮੇਂ ਬਾਅਦ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਚੈੱਕ ਕੀਤਾ ਗਿਆ। ਪੁੱਛਗਿੱਛ ਦੌਰਾਨ ਉਹ ਮੋਟਰਸਾਈਕਲ ਸਬੰਧੀ ਕੋਈ ਵੀ ਕਾਗਜ਼ਾਤ ਪੇਸ਼ ਨਾ ਕਰ ਸਕਿਆ ਤੇ ਨਾ ਹੀ ਮੋਟਰਸਾਈਕਲ ’ਤੇ ਨੰਬਰ ਪਲੇਟ ਲੱਗੀ ਹੋਈ ਸੀ। ਪੁਲਿਸ ਨੇ ਮੋਟਰਸਾਈਕਲ ਨੂੰ ਚੋਰੀਸ਼ੁਦਾ ਕਰਾਰ ਦਿੰਦਿਆਂ ਮਾਸ਼ੂਮ ਅਲੀ ਉਰਫ ਅਮੂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਤੋਂ ਹੋਰ ਚੋਰੀਆਂ ਤੇ ਵਾਹਨ ਚੋਰੀ ਦੇ ਨੈੱਟਵਰਕ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।