ਬਾਬਾ ਦੀਪ ਸਿੰਘ ਦੇ ਜੈਕਾਰਿਆਂ ਨਾਲ ਗੂੰਜਿਆ ਹੁਸ਼ਿਆਰਪੁਰ
ਸ਼ਹੀਦ ਬਾਬਾ ਦੀਪ ਸਿੰਘ ਦੇ ਜੈਕਾਰਿਆਂ ਨਾਲ ਗੂੰਜਿਆ ਹੁਸ਼ਿਆਰਪੁਰ
Publish Date: Sat, 17 Jan 2026 08:03 PM (IST)
Updated Date: Sun, 18 Jan 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹੀਦ ਬਾਬਾ ਦੀਪ ਸਿੰਘ ਦੀ ਪਵਿੱਤਰ ਯਾਦ ਅੰਦਰ ਗੁਰਦੁਆਰਾ ਸ਼ਹੀਦ ਸਿੰਘਾਂ, ਹੁਸ਼ਿਆਰਪੁਰ ਵੱਲੋਂ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸ਼ਹਿਰ ਵਿੱਚ ਕੱਢਿਆ ਗਿਆ। ਨਗਰ ਕੀਰਤਨ ਦੌਰਾਨ ਪੂਰਾ ਸ਼ਹਿਰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਗੁਰਦੁਆਰਾ ਸ਼ਹੀਦ ਸਿੰਘਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਅਤੇ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਨਗਰ ਕੀਰਤਨ ਦਾ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਰੂਟ ‘ਤੇ ਸੰਗਤਾਂ ਵੱਲੋਂ ਸਜਾਵਟੀ ਗੇਟ ਲਗਾਏ ਗਏ ਸਨ, ਜਦਕਿ ਹਾਥੀ, ਊਂਠ ਅਤੇ ਘੋੜੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਕੀਰਤਨੀ ਜੱਥਿਆਂ—ਭਾਈ ਤਰਲੋਚਨ ਸਿੰਘ ਕੰਗ ਮਾਈ, ਭਾਈ ਅਮਰਜੀਤ ਸਿੰਘ, ਭਾਈ ਹਰਜਾਚਕ ਸਿੰਘ ਅਤੇ ਭਾਈ ਮੇਜਰ ਸਿੰਘ —ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਖਾਲਸਾ ਗਤਕਾ ਪਾਰਟੀ ਨੇ ਆਪਣੀ ਕਲਾਬਾਜ਼ੀ ਅਤੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਨਗਰ ਕੀਰਤਨ ਦੌਰਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿੱਚ ਹੁਸ਼ਿਆਰਪੁਰ ਪੁਲਿਸ ਦੇ ਜਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਡਾ. ਰਵਜੋਤ ਸਿੰਘ, ਤੀਕਸ਼ਨ ਸੂਦ, ਜਤਿੰਦਰ ਸਿੰਘ ਲਾਲੀ ਬਾਜਵਾ, ਬਾਬਾ ਰਾਜਵੀਰ ਸਿੰਘ, ਮਹਿੰਦਰ ਸਿੰਘ ਧੀਮਾਨ, ਇੰਸਪੈਕਟਰ ਅਮਰਜੀਤ ਸਿੰਘ, ਅਮਰਵੀਰ ਸਿੰਘ (ਅਮਰੀਕਾ), ਮੀਨੂੰ ਗੁਪਤਾ, ਸੁੰਦਰ ਸ਼ਾਮ ਅਰੋੜਾ, ਰਣਧੀਰ ਸਿੰਘ ਤਾਰਜ ਸਮੇਤ ਕਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ। ਭਾਈ ਘਨ੍ਹਈਆ ਜੀ ਝਾੜੂ ਕਲੱਬ ਵੱਲੋਂ ਗੁਰੂ ਸਾਹਿਬ ਦੀ ਪਾਲਕੀ ਤੋਂ ਅੱਗੇ-ਅੱਗੇ ਰਸਤਾ ਸਾਫ ਕੀਤਾ ਗਿਆ ਅਤੇ ਸੁੰਦਰ ਰੰਗੋਲੀਆਂ ਬਣਾਈਆਂ ਗਈਆਂ। ਬੈਂਡ-ਬਾਜੇ ਸਤਿਕਾਰ ਵਜੋਂ ਅੱਗੇ-ਅੱਗੇ ਚੱਲ ਰਹੇ ਸਨ। ਸਕੂਲੀ ਬੱਚਿਆਂ ਦੀ ਭਾਗੀਦਾਰੀ ਨੇ ਵੀ ਨਗਰ ਕੀਰਤਨ ਦੀ ਰੌਣਕ ਵਧਾਈ। ਨਗਰ ਕੀਰਤਨ ਦੇ ਰਸਤੇ ‘ਤੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਸੰਤ ਬਾਬਾ ਗੁਰਦੇਵ ਸਿੰਘ, ਮੁੱਖੀ ਸਾਹਿਬਜਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਗੁਰਦੁਆਰਾ ਰਾਮਗੜ੍ਹੀਆਂ ਸੁਤੈਹਰੀ ਰੋਡ ਅਤੇ ਗੁਰਦੁਆਰਾ ਸਿੰਘ ਸਭਾ ਦੇ ਕਮੇਟੀ ਮੈਂਬਰਾਂ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ। ਗੁਰਦੁਆਰਾ ਮਿੱਠਾ ਟਿਵਾਣਾ ਦੇ ਸੰਤ ਬਾਬਾ ਪ੍ਰਿਤਪਾਲ ਸਿੰਘ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਚਾਹ ਦੇ ਲੰਗਰ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 18 ਜਨਵਰੀ ਨੂੰ ਜਪ-ਤਪ-ਚੁਪਿਹਰਾ ਸਮਾਗਮ, ਜਦਕਿ 19 ਜਨਵਰੀ ਨੂੰ ਮੁਫ਼ਤ ਅੱਖਾਂ ਦੀ ਜਾਂਚ ਲਈ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਮੁਫ਼ਤ ਐਨਕਾਂ ਵੀ ਦਿੱਤੀਆਂ ਜਾਣਗੀਆਂ।