2 ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਬੀਤੀ ਰਾਤ ਕੰਗਮਾਈ ਦੋ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
Publish Date: Sat, 17 Jan 2026 07:45 PM (IST)
Updated Date: Sun, 18 Jan 2026 04:16 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਥਾਣਾ ਹਰਿਆਣਾ ਦੇ ਆਸ-ਪਾਸ ਦੇ ਇਲਾਕਿਆਂ ’ਚ ਦਿਨੋ-ਦਿਨ ਚੋਰੀ ਦੀਆਂ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਥਾਣਾ ਹਰਿਆਣਾ ਅਧੀਨ ਆਉਂਦੇ ਆਸ-ਪਾਸ ਦੇ ਇਲਾਕਿਆਂ ’ਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਆਏ ਦਿਨ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਦੁਕਾਨਦਾਰਾਂ ਤੇ ਆਮ ਲੋਕਾਂ ’ਚ ਖੌਫ ਬਣਿਆ ਹੋਇਆ ਹੈ। ਬੀਤੀ ਰਾਤ ਕੰਗਮਾਈ ਅੱਡੇ ’ਤੇ ਸਥਿਤ ਦੋ ਵੱਖ-ਵੱਖ ਦੁਕਾਨਾਂ ’ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਸਬੰਧੀ ਮਨੀਸ਼ ਵਸ਼ਿਸ਼ਟ ਵਾਸੀ ਪਿੰਡ ਘਗਿਆਲ ਨੇ ਦੱਸਿਆ ਕਿ ਉਸ ਦੀ ਅੱਡਾ ਕੰਗਮਾਈ ਮੇਨ ਰੋਡ ’ਤੇ ਵਸਿਸ਼ਟ ਜਨਰਲ ਸਟੋਰ ਦੇ ਨਾਂ ’ਤੇ ਦੁਕਾਨ ਹੈ। ਉਸ ਨੂੰ ਸਵੇਰੇ 7 ਵਜੇ ਦੇ ਕਰੀਬ ਫੋਨ ਕਾਲ ਆਈ ਕੀ੍ਯਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ, ਜਦੋਂ ਉਸ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨ ਦਾ ਸਾਮਾਨ ਖਿੱਲਰਿਆ ਪਿਆ ਸੀ। ਮਨੀਸ਼ ਨੇ ਦੱਸਿਆ ਕਿ ਉਸ ਦਾ 4 ਤੋਂ 5 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਚੋਰਾਂ ਨੇ ਨਾਲ ਲੱਗਦੀ ਸ਼ਿੰਗਾਰਾ ਸਿੰਘ ਦੇ ਸਟੋਰ ਦਾ ਸ਼ਟਰ ਵੀ ਚੋਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਲੁੱਟ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਘਟਨਾ ਦੌਰਾਨ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਚੋਰ ਘਟਨਾ ਨੂੰ ਅੰਜਾਮ ਦੇਣ ’ਚ ਅਸਫਲ ਰਹੇ। ਉਸ ਨੇ ਦੱਸਿਆ ਕਿ ਇਹ ਉਸ ਦੀ ਦੁਕਾਨ ’ਤੇ ਸੱਤਵੀਂ ਵਾਰ ਚੋਰੀ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਚੋਰਾਂ ਨੂੰ ਫੜਨ ’ਚ ਅਸਫਲਤਾ ਹੀ ਹਾਸਲ ਹੋਈ ਹੈ। ਉਸ ਵੱਲੋਂ ਚੋਰੀ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।