ਵਿਭਾਗ ਬਦਲੇ, ਟੈਂਡਰ ਦੁਹਰਾਏ ਪਰ ਮੈਡੀਕਲ ਕਾਲਜ ਅਜੇ ਵੀ ਅਧੂਰਾ ਸੁਪਨਾ
ਵਿਭਾਗ ਬਦਲੇ, ਟੈਂਡਰ ਦੁਹਰਾਏ ਗਏ, ਪਰ ਮੈਡੀਕਲ ਕਾਲਜ ਅਜੇ ਵੀ ਅਧੂਰਾ ਸੁਪਨਾ
Publish Date: Sat, 17 Jan 2026 07:00 PM (IST)
Updated Date: Sun, 18 Jan 2026 04:16 AM (IST)

ਪਹਿਲਾਂ ਪੀਡਬਲਿਯੂਡੀ (ਬੀਐਂਡਆਰ), ਫਿਰ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ ਮਿਲੀ ਜ਼ਿੰਮੇਵਾਰੀ ਕੇਂਦਰ ਵੱਲੋਂ ਰਕਮ ਜਾਰੀ ਹੋਣ ਬਾਵਜੂਦ ਨਿਰਮਾਣ ਦੀ ਸ਼ੁਰੂਆਤ ਨਹੀਂ ਸਿਹਤ ਸਹੂਲਤਾਂ ਨੂੰ ਲੈ ਕੇ ਲੋਕਾਂ ਦੀ ਉਡੀਕ ਜਾਰੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ’ਚ ਬਣਨ ਵਾਲਾ ਮੈਡੀਕਲ ਕਾਲਜ, ਜੋ ਜ਼ਿਲ੍ਹੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਯੋਜਨਾ ਵਜੋਂ ਦੇਖਿਆ ਜਾ ਰਿਹਾ ਸੀ। ਪੰਜ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਾਗਜ਼ੀ ਕਾਰਵਾਈ ਤੇ ਟੈਂਡਰ ਪ੍ਰਕਿਰਿਆ ਤੱਕ ਹੀ ਸੀਮਤ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦੇ ਸਾਂਝੇ ਪ੍ਰੋਜੈਕਟ ਤਹਿਤ ਮਨਜ਼ੂਰ ਹੋਈ ਇਸ ਯੋਜਨਾ ਵਿੱਚ ਸਮੇਂ-ਸਮੇਂ ’ਤੇ ਵਿਭਾਗ ਤਾਂ ਬਦਲੇ ਪਰ ਨਿਰਮਾਣ ਦੀ ਅਸਲ ਸ਼ੁਰੂਆਤ ਅਜੇ ਵੀ ਨਹੀਂ ਹੋ ਸਕੀ। ਸਾਲ 2020 ’ਚ ਕੇਂਦਰ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਨਾਲ ਸਬੰਧਤ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੀ ਗਈ ਸੀ। ਉਸ ਸਮੇਂ ਪ੍ਰੋਜੈਕਟ ਦੀ ਲਾਗਤ 320 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ, ਜਿਸ ਅਨੁਸਾਰ 60 ਫੀਸਦੀ ਰਕਮ ਕੇਂਦਰ ਤੇ 40 ਫੀਸਦੀ ਰਕਮ ਸੂਬਾ ਸਰਕਾਰ ਵੱਲੋਂ ਦਿੱਤੀ ਜਾਣੀ ਸੀ। ਸਰਕਾਰੀ ਸਰੋਤਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਪਰ ਜ਼ਮੀਨੀ ਪੱਧਰ ‘’ਤੇ ਨਿਰਮਾਣ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਸ਼ੁਰੂਆਤੀ ਦੌਰ ’ਚ ਨਿਰਮਾਣ ਕੰਮ ਦੀ ਜ਼ਿੰਮੇਵਾਰੀ ਪ੍ਰੋਵਿਸ਼ੀਅਲ ਡਵੀਜ਼ਨ, ਪੀਡਬਲਿਯੂਡੀ (ਬਿਲਡਿੰਗਜ਼ ਐਂਡ ਰੋਡਜ਼), ਹੁਸ਼ਿਆਰਪੁਰ ਕੋਲ ਸੀ ਤੇ ਟੈਂਡਰ ਵੀ ਜਾਰੀ ਕੀਤੇ ਗਏ ਸਨ। ਬਾਅਦ ’ਚ ਇਹ ਪ੍ਰੋਜੈਕਟ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ ਸੌਂਪ ਦਿੱਤਾ ਗਿਆ। ਵਿਭਾਗ ਬਦਲਣ ਕਾਰਨ ਪ੍ਰੋਜੈਕਟ ਨਾਲ ਸਬੰਧਤ ਦਸਤਾਵੇਜ਼ੀ ਤੇ ਤਕਨੀਕੀ ਪ੍ਰਕਿਰਿਆ ’ਚ ਦੇਰੀ ਆਈ, ਜਿਸ ਨਾਲ ਟੈਂਡਰ ਪ੍ਰਕਿਰਿਆ ਮੁੜ ਕਰਨੀ ਪਈ। ਸਾਲ 2021 ’ਚ ਪ੍ਰੋਜੈਕਟ ਦੀ ਲਾਗਤ ਵਧ ਕੇ 412 ਕਰੋੜ ਰੁਪਏ ਹੋ ਗਈ ਤੇ ਯੋਜਨਾ ਨੂੰ ਦੁਬਾਰਾ ਮਨਜ਼ੂਰੀ ਦਿੱਤੀ ਗਈ। ਇਸ ਤੋਂ ਬਾਅਦ 3 ਵਾਰ ਟੈਂਡਰ ਜਾਰੀ ਹੋਏ ਪਰ ਕੋਈ ਵੀ ਠੇਕੇਦਾਰ ਅੱਗੇ ਨਹੀਂ ਆਇਆ। ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਅਧਿਕਾਰਕ ਸਰੋਤਾਂ ਦਾ ਕਹਿਣਾ ਹੈ ਕਿ ਕਠੋਰ ਸ਼ਰਤਾਂ, ਵਧੀ ਹੋਈ ਲਾਗਤ ਤੇ ਤਕਨੀਕੀ ਮਿਆਰਾਂ ਕਾਰਨ ਨਿਰਮਾਣ ਏਜੰਸੀਆਂ ਨੇ ਦਿਲਚਸਪੀ ਨਹੀਂ ਦਿਖਾਈ। ਸਾਲ 2025 ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਵੱਲੋਂ ਮੈਡੀਕਲ ਕਾਲਜ ਤੇ ਹਸਪਤਾਲ ਲਈ ਵੱਖ-ਵੱਖ ਨਵੇਂ ਟੈਂਡਰ ਜਾਰੀ ਕੀਤੇ ਗਏ ਹਨ ਪਰ ਉਨ੍ਹਾਂ ਦੀ ਪ੍ਰਕਿਰਿਆ ਤੇ ਨਤੀਜੇ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੇ। ਬਾਕਸ-- ਲੋਕਾਂ ਦੀ ਆਵਾਜ਼ ਰੋਸ਼ਨ ਲਾਲ ਕੰਗ, ਪ੍ਰਧਾਨ, ਡਿਪੋ ਹੋਲਡਰਜ਼ ਐਸੋਸੀਏਸ਼ਨ ਹੁਸ਼ਿਆਰਪੁਰ, ਨੇ ਕਿਹਾ ਕਿ ਹੁਸ਼ਿਆਰਪੁਰ ਵਰਗੇ ਪਿੱਛੜੇ ਮੰਨੇ ਜਾਂਦੇ ਜ਼ਿਲ੍ਹੇ ਲਈ ਮੈਡੀਕਲ ਕਾਲਜ ਸਿਰਫ਼ ਇਲਾਜ ਦੀ ਸਹੂਲਤ ਹੀ ਨਹੀਂ ਸਗੋਂ ਸਿੱਧੇ ਅਤੇ ਅਪਰੋਖ ਤੌਰ ’ਤੇ ਰੋਜ਼ਗਾਰ ਪੈਦਾ ਕਰਨ ਤੇ ਆਰਥਿਕ ਵਿਕਾਸ ਦਾ ਵੱਡਾ ਕੇਂਦਰ ਬਣ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਦੇ ਨਾਲ-ਨਾਲ ਰਿਹਾਇਸ਼, ਟ੍ਰਾਂਸਪੋਰਟ, ਦੁਕਾਨਦਾਰੀ ਤੇ ਹੋਰ ਸਹਾਇਕ ਖੇਤਰਾਂ ਨੂੰ ਵੀ ਰਫ਼ਤਾਰ ਮਿਲਦੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਹਰ ਸਰਕਾਰ ਵੱਲੋਂ ਐਲਾਨ ਤਾਂ ਕੀਤੇ ਜਾਂਦੇ ਹਨ ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਫਾਈਲਾਂ ਇੱਕ ਵਿਭਾਗ ਤੋਂ ਦੂਜੇ ਵਿਭਾਗ ’ਚ ਘੁੰਮਦੀਆਂ ਰਹਿੰਦੀਆਂ ਹਨ। ਇਸ ਦੇਰੀ ਦਾ ਸਿੱਧਾ ਨੁਕਸਾਨ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਅੱਜ ਵੀ ਇਲਾਜ ਲਈ ਦੂਰ-ਦਰਾਜ ਦੇ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਸਥਾਨਕ ਵਸਨੀਕ ਨਵੀਨ ਧੀਰ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਹਰ ਬਜਟ ਤੇ ਹਰ ਸਰਕਾਰੀ ਦੌਰੇ ਦੌਰਾਨ ਮੈਡੀਕਲ ਕਾਲਜ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਮੌਕੇ ’ਤੇ ਅਜੇ ਵੀ ਸੁੰਨਸਾਨ ਪਸਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਮੈਡੀਕਲ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਸਨ, ਪਰ ਦੇਰੀ ਕਾਰਨ ਉਮੀਦਾਂ ਟੁੱਟ ਰਹੀਆਂ ਹਨ। ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਲੋਕਾਂ ਨੂੰ ਲੱਗਿਆ ਸੀ ਕਿ ਹੁਣ ਕੰਮ ਸ਼ੁਰੂ ਹੋ ਜਾਵੇਗਾ, ਪਰ ਅਜੇ ਤੱਕ ਸਿਰਫ਼ ਐਲਾਨ ਹੀ ਨਜ਼ਰ ਆ ਰਹੇ ਹਨ। ਬਾਕਸ-- ਸਾਬਕਾ ਕੇਂਦਰੀ ਮੰਤਰੀ ਦੀ ਟਿੱਪਣੀ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਆਪਣੇ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਕੇਂਦਰ ਸਰਕਾਰ ਤੋਂ ਮੈਡੀਕਲ ਕਾਲਜ ਮਨਜ਼ੂਰ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਆਪਣੇ ਹਿੱਸੇ ਦੀ ਰਕਮ ਵੀ ਜਾਰੀ ਕੀਤੀ ਗਈ ਸੀ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਭਗ 4 ਸਾਲ ਬੀਤਣ ਦੇ ਬਾਵਜੂਦ ਵੀ ਪ੍ਰੋਜੈਕਟ ਨੂੰ ਅੱਗੇ ਨਹੀਂ ਵਧਾ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਨਾ ਤਾਂ ਟੈਂਡਰ ਪ੍ਰਕਿਰਿਆ ਅੰਤਮ ਦੌਰ ਤੱਕ ਪਹੁੰਚੀ ਅਤੇ ਨਾ ਹੀ ਨਿਰਮਾਣ ਸ਼ੁਰੂ ਹੋ ਸਕਿਆ। ਬਾਕਸ ਵਿਧਾਇਕ ਦਾ ਬਿਆਨ ਦੂਜੇ ਪਾਸੇ, ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮੈਡੀਕਲ ਕਾਲਜ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਨਾਲ ਜੁੜੀਆਂ ਕੁਝ ਤਕਨੀਕੀ ਤੇ ਪ੍ਰਸ਼ਾਸਕੀ ਸਮੱਸਿਆਵਾਂ ਆਈਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸਬੰਧਤ ਵਿਭਾਗਾਂ ਨਾਲ ਲਗਾਤਾਰ ਸੰਪਰਕ ’ਚ ਰਹਿ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਜਲਦ ਹੀ ਪੂਰਾ ਕਰ ਲਿਆ ਜਾਵੇਗਾ।