114ਵਾਂ ਬਸੰਤ ਮੇਲਾ 23 ਤੇ 24 ਜਨਵਰੀ ਨੂੰ
114ਵਾਂ ਬਸੰਤ ਮੇਲਾ 23 ਤੇ 24 ਜਨਵਰੀ ਨੂੰ, ਦੇਸ਼-ਵਿਦੇਸ਼ ਦੇ ਪਹਿਲਵਾਨ ਲੈਣਗੇ ਹਿੱਸਾ
Publish Date: Sat, 17 Jan 2026 05:08 PM (IST)
Updated Date: Sun, 18 Jan 2026 04:07 AM (IST)
ਦੇਸ਼-ਵਿਦੇਸ਼ ਦੇ ਪਹਿਲਵਾਨ ਲੈਣਗੇ ਹਿੱਸਾ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਸਤ ਬਾਬਾ ਘਨਈਆ ਲਾਲ ਸੰਗੀਤ ਤੇ ਕਲਚਰ ਮਹਾਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਦੇ ਪਾਵਨ ਮੌਕੇ 114ਵਾਂ ਬਸੰਤ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਮੇਲਾ ਬਾਉਲੀ ਬਾਬਾ ਭੰਡਾਰੀ, ਹਰਿਆਣਾ ਰੋਡ, ਹੁਸ਼ਿਆਰਪੁਰ ਵਿਖੇ 23 ਤੇ 24 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਮੇਲੇ ਦੇ ਪਹਿਲੇ ਦਿਨ 23 ਜਨਵਰੀ ਨੂੰ ਪ੍ਰਸਿੱਧ ਕੱਵਾਲ ਪਰਵੇਸ਼ ਆਲਮ ਆਪਣੀ ਕਵਾਲੀ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ, ਜਦਕਿ ਦੇਸ਼ ਅਤੇ ਵਿਦੇਸ਼ ਤੋਂ ਆਏ ਨਾਮੀ ਪਹਿਲਵਾਨਾਂ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ। ਦੂਜੇ ਦਿਨ 24 ਜਨਵਰੀ ਨੂੰ ਵੱਖ-ਵੱਖ ਕੱਵਾਲਾਂ ਵੱਲੋਂ ਗੁਣਗਾਨ ਕੀਤਾ ਜਾਵੇਗਾ। ਦੋਵੇਂ ਦਿਨ ਸੰਗਤ ਲਈ ਲੰਗਰ ਅਟੁੱਟ ਵਰਤਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਇਸ ਸਾਲ ਦੇ ਬਸੰਤ ਮੇਲੇ ’ਚ ਕੁਸ਼ਤੀ ਦੰਗਲ ਵਿਸ਼ੇਸ਼ ਆਕਰਸ਼ਣ ਰਹੇਗਾ, ਜਿਸ ’ਚ ਇਰਾਨ ਤੋਂ ਪਹਿਲਵਾਨ ਹਾਮਿਦ ਤੇ ਜਾਰਜੀਆ ਤੋਂ ਪਹਿਲਵਾਨ ਟੇਂਗੋ ਆਪਣੀ ਤਾਕਤ ਦੇ ਜੌਹਰ ਵਿਖਾਉਣਗੇ। ਮਾਲੀ ਦੀ ਕੁਸ਼ਤੀ ਲਈ ਲੱਗਭਗ 3 ਲੱਖ ਰੁਪਏ ਦੀ ਇਨਾਮ ਰਾਸ਼ੀ ਰੱਖੀ ਗਈ ਹੈ। ਵਿਸ਼ਵਨਾਥ ਬੰਟੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ’ਚ ਪਹੁੰਚ ਕੇ ਮੇਲੇ ਦੀ ਸ਼ਾਨ ਵਧਾਈ ਜਾਵੇ।