ਧੀਆਂ ਨੂੰ ਪੁੱਤਰਾਂ ਬਰਾਬਰ ਮਿਲੇ ਪਿਆਰ ਤੇ ਸਤਿਕਾਰ : ਡਾ. ਚੱਕੋਵਾਲ
ਧੀਆਂ ਨੂੰ ਪੁੱਤਰਾਂ ਬਰਾਬਰ ਮਿਲੇ ਪਿਆਰ ਤੇ ਸਤਿਕਾਰ : ਡਾ. ਮਨਪ੍ਰੀਤ ਕੌਰ ਚੱਕੋਵਾਲ
Publish Date: Sat, 17 Jan 2026 05:03 PM (IST)
Updated Date: Sun, 18 Jan 2026 04:07 AM (IST)

ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪੀਐੱਚਸੀ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਪੀਐੱਚਸੀ ਚੱਕੋਵਾਲ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਪੀਐੱਚਸੀ ਚੱਕੋਵਾਲ ’ਚ ਜੰਮੀਆਂ 3 ਬੱਚੀਆਂ ਤੇ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸਐੱਮਓ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਅਧੀਨ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਤੇ ਧੀਆਂ ਨੂੰ ਜਨਮ ਦੇ ਕੇ ਵਧੀਆ ਪਾਲਣ-ਪੋਸ਼ਣ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਟੀਚਾ ਹੈ। ਇਸ ਮੌਕੇ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਪਿਆਰ, ਸਤਿਕਾਰ ਤੇ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲੜਕੀਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰਨਾ ਜ਼ਰੂਰੀ ਹੈ, ਜਿਨ੍ਹਾਂ ਲੜਕੀਆਂ ਨੂੰ ਪੂਰੇ ਮੌਕੇ ਮਿਲਦੇ ਹਨ, ਉਹ ਲੜਕੇਆਂ ਦੇ ਬਰਾਬਰ ਖੜ੍ਹੀਆਂ ਹੁੰਦੀਆਂ ਹਨ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀਆਂ ਹਨ। ਇਸ ਮੌਕੇ ਹਰਦੀਪ ਸਿੰਘ ਬੀਈਈ ਨੇ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ ’ਚ ਧੀਆਂ ਦੀ ਲੋਹੜੀ ਮਨਾਉਣ ਦਾ ਰੁਝਾਨ ਵਧ ਗਿਆ ਹੈ। ਲੋਕਾਂ ’ਚ ਜਾਗਰੂਕਤਾ ਵਧਣ ਨਾਲ ਇਹ ਬਦਲਾਅ ਆ ਰਿਹਾ ਹੈ। ਅੱਜਕੱਲ੍ਹ ਸਕੈਨਿੰਗ ਦੀ ਤਕਨੀਕ ਦਾ ਲੋਕ ਗ਼ਲਤ ਇਸਤੇਮਾਲ ਕਰ ਕੇ ਕੁੜੀਆਂ ਦੀ ਗਰਭ ’ਚ ਹੀ ਹੱਤਿਆ ਕਰਵਾ ਰਹੇ ਹਨ। ਇਸ ਮੌਕੇ ਡਾ. ਮੀਨੂ, ਡਾ. ਯੋਗਿਤਾ, ਡਾ. ਹਰਪ੍ਰੀਤ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ, ਅਮਨੀਤ ਕੌਰ, ਕਿਰਨ, ਪਰਮਪ੍ਰੀਤ ਕੌਰ, ਰੇਨੂੰ ਬਾਲਾ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਡਾ. ਨਵਕਰਨ ਸਿੰਘ, ਡਾ. ਕਪਿਲ ਸ਼ਰਮਾ, ਡਾ. ਅਮਿਤ, ਬਲਜਿੰਦਰ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ ਹਾਜ਼ਰ ਸਨ।