ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਰਾਜਾ ਨੇ ਕੀਤਾ ਉਦਘਾਟਨ
ਕਰੋੜਾਂ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਰਾਜਾ ਨੇ ਕੀਤਾ ਉਦਘਾਟਨ
Publish Date: Sat, 17 Jan 2026 04:11 PM (IST)
Updated Date: Sun, 18 Jan 2026 04:01 AM (IST)

70 ਸਾਲ ਬਾਅਦ ਭਗਵੰਤ ਮਾਨ ਸਰਕਾਰ ਨੇ ਕੀਤੀ ਬੇਟ ਖੇਤਰ ਦੇ ਲੋਕਾਂ ਦੀ ਸੁਣਵਾਈ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਹਲਕਾ ਉੜਮੁੜ ਟਾਂਡਾ ’ਚ ਵਿਕਾਸ ਕਾਰਜ ਲਗਾਤਾਰ ਧੜੱਲੇ ਨਾਲ ਕਰਵਾਏ ਜਾ ਰਹੇ ਹਨ ਤੇ ਭਗਵੰਤ ਮਾਨ ਸਰਕਾਰ ਵੱਲੋਂ ਕਰੀਬ 70 ਸਾਲ ਤੋਂ ਮੰਗ ਕਰ ਰਹੇ ਬੇਟ ਖੇਤਰ ਦੇ ਲੋਕਾਂ ਦੀ ਮੰਗ ਮੰਨਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਰੜਾ ਤੋਂ ਟਾਹਲੀ ਧੁੱਸੀ ਬੰਨ੍ਹ ਸੜਕ ਨੂੰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਬੇਟ ਖੇਤਰ ਦੀ ਰੜਾ ਤੋਂ ਟਾਹਲੀ ਧੁੱਸੀ ਬੰਨ੍ਹ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਇਹ ਸੜਕ ਪਿੰਡ ਰੜਾ ਤੋਂ ਪਿੰਡ ਟਾਹਲੀ ਤੱਕ ਜੋਂ ਕਿ 12 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ, ਜੋ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ। ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਬੇਟ ਖੇਤਰ ਦੇ ਕਰੀਬ 25 ਪਿੰਡ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਨਾਲ ਜੁੜਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਰਸਤਾ ਕੱਚਾ ਹੋਣ ਕਰ ਕੇ ਖੇਤੀ ਧੰਦੇ ’ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜੋਂ ਹੁਣ ਇਸ ਸੜਕ ਦੇ ਬਣਨ ਤੋਂ ਬਾਅਦ ਵੱਡੀ ਰਾਹਤ ਮਿਲੇਗੀ। ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਕਰੀਬ 70 ਸਾਲਾਂ ਤੋਂ ਬੇਟ ਖੇਤਰ ਦੇ ਲੋਕ ਇਸ ਸੜਕ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ ਪਰ ਹੁਣ ਤੱਕ ਦੀਆਂ ਸਰਕਾਰਾਂ ਨੇ ਲੋਕਾਂ ਦੀ ਸੁਣਵਾਈ ਨਹੀਂ ਕੀਤੀ। ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਜਲਾਲਪੁਰ ਫੇਰੀ ਤੇ ਆਏ ਸਨ। ਇਸ ਮੌਕੇ ਬੇਟ ਖੇਤਰ ਦੀਆਂ ਪੰਚਾਇਤਾਂ ਵੱਲੋਂ ਇਹ ਮੰਗ ਮੁੱਖ ਮੰਤਰੀ ਭਗਵੰਤ ਮਾਨ ਮੂਹਰੇ ਰੱਖੀ ਸੀ ਤੇ ਮੰਗ-ਪੱਤਰ ਵੀ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮਾਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਇਹ ਮੰਗ ਜਲਦੀ ਪੂਰੀ ਕਰ ਦਿੱਤੀ ਜਾਵੇਗੀ। ਉੰਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਟ ਖੇਤਰ ਦੇ ਲੋਕਾਂ ਦੀ 7 ਦਹਾਕੇ ਪੁਰਾਣੀ ਮੰਗ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਬੇਟ ਖੇਤਰ ਦੇ ਲੋਕਾਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਹੈ। ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਇਹ ਸੜਕ 12 ਫੁੱਟ ਚੌੜੀ ਬਣੇਗੀ ਤੇ ਸਾਈਡਾਂ ’ਤੇ ਇੱਕ-ਇੱਕ ਮੀਟਰ ਦੋਨੋਂ ਪਾਸੇ ਇੰਟਰਲਾਕ ਟਾਈਲਾਂ ਲਾਈਆਂ ਜਾਣਗੀਆਂ ਤੇ 5 ਸਾਲ ਤੱਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕੰਮਾਂ ’ਚ ਕੋਈ ਵੀ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਜਸਵੰਤ ਸਿੰਘ ਬਿੱਟੂ ਜਲਾਲਪੁਰ, ਪੰਚਾਇਤ ਸੰਮਤੀ ਮੈਂਬਰ ਲਖਵਿੰਦਰ ਸਿੰਘ ਸੇਠੀ, ਸੰਮਤੀ ਮੈਂਬਰ ਸਰਪੰਚ ਵਰਿੰਦਰ ਸਿੰਘ ਭੂਲਪੁਰ, ਸਰਪੰਚ ਚਰਨਜੀਤ ਸਿੰਘ ਨਿੱਕੂ, ਸਰਪੰਚ ਕੁਲਵਿੰਦਰ ਸਿੰਘ ਬੱਬਲ, ਸਰਪੰਚ ਮਲਕੀਤ ਸਿੰਘ ਸਲੇਮਪੁਰ, ਸਰਪੰਚ ਐੱਸਪੀ ਸਿੰਘ ਟਾਹਲੀ, ਸਰਪੰਚ ਦੀਦਾਰ ਸਿੰਘ ਗੰਦੋਵਾਲ, ਅਮਰਜੀਤ ਸਿੰਘ, ਸਤਪਾਲ ਸਿੰਘ, ਗੁਰਬਖਸ਼ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਵਿੱਦਿਆ ਸਿੰਘ, ਤਜਿੰਦਰ ਸਿੰਘ, ਤਰਸੇਮ ਸਿੰਘ, ਗੁਰਬਖਸ਼ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ, ਸੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।