26 ਸਾਲਾ ਕੁੜੀ ਦੀਆ ਲੱਤਾਂ ’ਤੇ ਚੜ੍ਹਿਆ ਬੱਜਰੀ ਨਾਲ ਭਰਿਆ ਟਰੱਕ
ਮਾਹਿਲਪੁਰ ਦੇ ਮੇਨ ਚੌਕ ’ ਚ 26 ਸਾਲਾਂ ਕੁੜੀ ਦੀਆ ਲੱਤਾਂ ਤੇ ਚੜਿਆ ਬਜਰੀ ਨਾਲ ਭਰਿਆ ਟਰੱਕ
Publish Date: Fri, 16 Jan 2026 07:25 PM (IST)
Updated Date: Sat, 17 Jan 2026 04:13 AM (IST)

ਹਾਦਸੇ ਦੌਰਾਨ ਬੁਰੀ ਤਰ੍ਹਾਂ ਲੱਤਾਂ ਫਿੱਸੀਆਂ, ਪੀਜੀਆਈ ਕੀਤਾ ਗਿਆ ਰੈਫਰ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਮਾਹਿਲਪੁਰ ਦੇ ਮੇਨ ਚੌਕ ’ਚ ਕੱਲ ਸਵੇਰੇ ਐਕਡਮੀ ’ਚ ਬੱਚਿਆਂ ਨੂੰ ਪੜ੍ਹਾਉਣ ਆ ਰਹੀ 26 ਸਾਲਾ ਟੀਚਰ ਦੀ ਬੱਜਰੀ ਨਾਲ ਭਰੇ ਟਰੱਕ ਹੇਠਾਂ ਆਉਣ ਨਾਲ ਦੋਵੇ ਲੱਤਾਂ ਬੁਰੀ ਤਰਾ ਫਿੱਸ ਗਈਆਂ। ਰਾਹਗੀਰਾਂ ਨੇ ਐਕਟਿਵਾ ਤੇ ਉਸ ਨੂੰ ਮਾਹਿਲਪੁਰ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪੀਜੀਆਈ ਚੰਡੀਗ੍ਹੜ ਰੈਫਰ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਟਰੱਕ ਕਾਬੂ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਵਾਸੀ ਮਹਿੰਮਦੋਵਾਲ ਨੇ ਦੱਸਿਆ ਕਿ ਉਸ ਦੀ ਪੁੱਤਰੀ ਲਖਵਿੰਦਰ ਕੌਰ ਕੱਲ ਸਵੇਰੇ ਆਪਣੀ ਐਕਟਿਵਾ ਨੰਬਰ ਪੀਬੀ 07 ਏਕੇ 1330 ’ਤੇ ਆਪਣੀ ਡਿਊਟੀ ’ਤੇ ਅਦਾਰਸ਼ ਐਕਡਮੀ ਮਾਹਿਲਪੁਰ ਨੂੰ ਆ ਰਹੀ ਸੀ, ਜਦ ਉਹ ਮਾਹਿਲਪੁਰ ਦੇ ਮੇਨ ਚੌਕ ’ਚ ਪਹੁੰਚੀ ਤਾਂ ਖੜ੍ਹੇ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਅਚਾਨਕ ਮਗਰ ਆ ਰਹੇ ਬੱਜਰੀ ਨਾਲ ਲੱਦੇ ਟਰੱਕ ਨੰਬਰ ਪੀਬੀ 07 ਏਐੱਸ 9960, ਜਿਸ ਨੂੰ ਰਾਜਿੰਦਰ ਸਿੰਘ ਪੁੱਤਰ ਧਰਮਵੀਰ ਸਿੰਘ ਵਾਸੀ ਗੁਰਦਾਸਪੁਰ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਵੱਲ ਨੂੰ ਜਾ ਰਿਹਾ ਸੀ, ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਟਰੱਕ ਦੇ ਟਾਇਰਾਂ ਥੱਲੇ ਲੱਤਾਂ ਆਉਣ ਨਾਲ ਉਸ ਦੀਆਂ ਦੋਵੇਂ ਲੱਤਾਂ ਬੁਰੀਂ ਤਰਾ ਫਿੱਸ ਗਈਆਂ। ਰਾਹਗੀਰਾਂ ਨੇ ਸੜਕ ਸੁਰੱਖਿਆ ਪੁਲਿਸ ਨੂੰ 112 ’ਤੇ ਐਂਬੂਲੈਂਸ ਨੂੰ ਫੋਨ ਕੀਤਾ ਪਰ 20 ਮਿੰਟ ਤੱਕ ਉਡੀਕ ਕਰਨ ਤੱਕ ਕੋਈ ਨਹੀਂ ਪਹੁੰਚਿਆ ਤਾਂ ਇਕ ਐਕਟਿਵਾ ’ਤੇ ਨਗਰ ਪੰਚਾਇਤ ’ਚ ਕੰਮ ਕਰ ਰਹੇ ਮੁਲਾਜ਼ਮ ਨੇ ਸਰਕਾਰੀ ਹਸਪਤਾਲ ਮਾਹਿਲਪੁਰ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਕਰ ਰਹੇ ਸਰਜਨ ਬਲਜਿੰਦਰ ਕੁਮਾਰ ਨੇ ਮੁੱਢਲੀ ਸਹਾਇਤਾ ਦੇ ਕੇ ਲੜਕੀ ਨੂੰ ਪੀਜੀਆਈ ਰੈਫਰ ਕਰ ਦਿੱਤਾ। ਡਾ. ਬਲਜਿੰਦਰ ਕੁਮਾਰ ਨੇ ਦੱਸਿਆ ਕਿ ਲੜਕੀ ਦੀਆਂ ਦੋਵੇ ਲੱਤਾਂ ਬੁਰੀ ਤਰ੍ਹਾਂ ਫਿੱਸ ਗਈਆਂ, ਜਿਨ੍ਹਾਂ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ। ਥਾਣਾ ਮਾਹਿਲਪੁਰ ਦੀ ਪੁਲਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਦੇਖਣ ’ਚ ਆਇਆ ਕਿ ਮਾਹਿਲਪੁਰ ਦੀ ਨਗਰ ਪੰਚਾਇਤ ਦੀ ਨਾਲਾਇਕੀ ਕਾਰਨ ਸੜਕ ਦੇ ਆਲੇ-ਦੁਆਲੇ ਦੁਕਾਨਦਾਰਾਂ ਵੱਲੋਂ ਅਕਸਰ ਆਪਣੀਆਂ ਦੁਕਾਨਾਂ ਅੱਗੇ ਦੁਕਾਨ ’ਚੋਂ ਸਾਮਾਨ ਬਾਹਰ ਰੱਖ ਕੇ 6 ਤੋ 7 ਫੁੱਟ ਤੱਕ ਦੋਵੇ ਪਾਸੇ ਰਸਤੇ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰ ਕੇ ਅਕਸਰ ਮਾਹਿਲਪੁਰ ’ਚ ਜਾਮ ਲੱਗਾ ਰਹਿੰਦਾ ਹੈ ਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਹਨ। ਪਹਿਲਾ ਵੀ ਮਹਿੰਮਦੋਵਾਲ ਦੇ ਇਕ ਬੈਕ ’ਚ ਲੱਗੇ ਗੰਨਮੈਨ ਦੀ ਟਿੱਪਰ ਹੇਠ ਆਉਣ ਨਾਲ ਮੌਤ ਹੋ ਗਈ ਸੀ।