ਮਿਆਣੀ ਕਤਲ ਕਾਂਡ ਦੀ ਜ਼ਿੰਮੇਵਾਰੀ ਜੱਸਲ ਚੰਬਲ ਤੇ ਗੁਰਲਾਲ ਰੁਦਿਆਨਾ ਨੇ ਲਈ
ਮਿਆਣੀ ਕਤਲਕਾਂਡ ਦੀ ਜ਼ਿੰਮੇਵਾਰੀ ਜੱਸਲ ਚੰਬਲ ਤੇ ਗੁਰਲਾਲ ਰੁਦਿਆਨਾ ਨੇ ਲਈ
Publish Date: Fri, 16 Jan 2026 07:18 PM (IST)
Updated Date: Sat, 17 Jan 2026 04:13 AM (IST)

ਇੰਸਟਾਗ੍ਰਾਮ |ਤੇ ਪੋਸਟ ਪਾ ਕੇ ਕੀਤਾ ਖੁਲਾਸਾ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬੀਤੇ ਦਿਨ ਹਲਕਾ ਉੜਮੁੜ ਦੇ ਬਲਾਕ ਟਾਂਡਾ ਬਲਾਕ ਅਧੀਨ ਪੈਂਦੇ ਕਸਬਾ ਮਿਆਣੀ ਵਿਖੇ ਗੋਲੀਆਂ ਮਾਰ ਕਤਲ ਕੀਤੇ ਬਲਵਿੰਦਰ ਸਿੰਘ ਦੀ ਜ਼ਿੰਮੇਵਾਰੀ ਗੈਂਗਸਟਰ ਜੱਸਲ ਚੰਬਲ ਤੇ ਗੁਰਲਾਲ ਰੁਦਿਆਨਾ ਨੇ ਲਈ। ਇਸ ਜ਼ਿੰਮੇਵਾਰੀ ਦਾ ਖੁਲਾਸਾ ਉਕਤ ਗੈਂਗਸਟਰਾਂ ਵਲੋਂ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਜਨਤਕ ਕੀਤੀ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਵੀਰਵਾਰ ਟਾਂਡਾ ਅਧੀਨ ਪੈਂਦੇ ਕਸਬਾ ਮਿਆਣੀ ਵਿਖੇ ਮੋਟਰਸਾਈਕਲ ਸਵਾਰ 3 ਅਣਪਛਾਤੇ ਵਿਅਕਤੀ ਸਤਿਕਰਤਾਰ ਹਾਰਡਵੇਅਰ ਦੁਕਾਨ ’ਤੇ ਆਏ ਤੇ ਇਨ੍ਹਾ ’ਚੋਂ 2 ਵਿਅਕਤੀਆਂ ਨੇ ਦੁਕਾਨ ਅੰਦਰ ਜਾ ਕੇ ਦੁਕਾਨ ’ਤੇ ਬੈਠੇ ਮਾਲਕ ਬਲਵਿੰਦਰ ਸਿੰਘ ਤੇ ਉਸ ਦੇ ਦੋਸਤ ਲਖਵਿੰਦਰ ਸਿੰਘ ’ਤੇ ਪਿਸਤੌਲ ਨਾਲ 7 ਗੋਲੀਆਂ ਫਾਇਰ ਕੀਤੀਆਂ ਸਨ , ਜਿਨ੍ਹਾਂ ’ਚੋਂ ਇੱਕ ਗੋਲੀ ਬਲਵਿੰਦਰ ਸਿੰਘ ਦੀ ਛਾਤੀ ’ਚ ਵੱਜਣ ਕਰ ਕੇ ਉਸ ਦੀ ਮੌਤ ਹੋ ਗਈ ਸੀ ਤੇ ਇੱਕ ਗੋਲੀ ਲਖਵਿੰਦਰ ਸਿੰਘ ਦੇ ਮੋਢੇ ’ਤੇ ਵੱਜਣ ਕਰ ਕੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ, ਜੋ ਹਸਪਤਾਲ ਟਾਂਡਾ ਵਿਖੇ ਜ਼ੇਰੇ ਇਲਾਜ ਹੈ। ਇਸ ਵਾਰਦਾਤ ਤੋਂ ਬਾਅਦ ਟਾਂਡਾ ਇਲਾਕੇ ’ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਾਰਦਾਤ ਤੋਂ ਬਾਅਦ ਹਰਕਤ ’ਚ ਆਏ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ’ਚ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਪੁਲਿਸ ਪੂਰੀ ਸਰਗਰਮੀ ਨਾਲ ਮੁਲਜ਼ਮਾਂ ਦੀ ਭਾਲ ਕਰਨ ’ਚ ਜੁਟੀ ਹੋਈ ਹੈ। ਪੁਲਿਸ ਟੀਮਾਂ ਵਲੋਂ ਦੁਕਾਨਾਂ ਨੇੜੇ ਵੱਖ-ਵੱਖ ਜਗ੍ਹਾ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂ ਜੋਂ ਇਸ ਵਾਰਦਾਤ ਸਬੰਧੀ ਮੁਲਜ਼ਮਾਂ ਦੀ ਪਛਾਣ ਹੋ ਸਕੇ। ਬਾਕਸ-- ਕੀ ਕਹਿਣਾ ਡੀਐੱਸਪੀ ਟਾਂਡਾ ਦਾ ਇਸ ਸਬੰਧੀ ਜਦੋਂ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ’ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਟੀਮਾਂ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਟਾਂਡਾ ’ਚ ਹੋਈਆਂ ਅਜਿਹੀਆਂ ਵਾਰਦਾਤਾਂ ਨੂੰ ਟਾਂਡਾ ਪੁਲਿਸ ਵਲੋਂ ਬਹੁਤ ਜਲਦੀ ਟਰੇਸ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੇ ਮੁਲਜ਼ਮਾਂ ਨੂੰ ਵੀ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।