ਪੁਲਿਸ ਵੱਲੋਂ 3 ਕਥਿਤ ਨਸ਼ਾ ਤਸਕਰ ਗ੍ਰਿਫਤਾਰ
ਮੇਹਟੀਆਣਾ ਪੁਲਿਸ ਵੱਲੋਂ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਕਥਿਤ ਨਸ਼ਾ ਤਸਕਰ ਗ੍ਰਿਫਤਾਰ
Publish Date: Fri, 16 Jan 2026 06:09 PM (IST)
Updated Date: Sat, 17 Jan 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੇਹਟੀਆਣਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਦੌਰਾਨ 3 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਕੇਸ ਦਰਜ ਕੀਤੇ ਹਨ। ਪਹਿਲੇ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਏਐੱਸਆਈ ਕਰਨੈਲ ਸਿੰਘ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਫੁਗਲਾਣਾ ਤੋਂ ਹੁੰਦੇ ਹੋਏ ਪਿੰਡ ਮੋਨਾ ਕਲਾ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪੱਪੂ ਦੇ ਢਾਬੇ ਕੋਲ ਪੁੱਜੀ ਤਾਂ ਸੜਕ ਦੇ ਸੱਜੇ ਪਾਸੇ ਮੋਟਰ ਦੇ ਬੰਦ ਕਮਰੇ ਦੀ ਓਟ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਦੇਖਿਆ ਗਿਆ। ਪੁਲਿਸ ਮੁਤਾਬਕ ਨੌਜਵਾਨ ਸਿਲਵਰ ਵਰਕ ਦੀ ਬਣੀ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ 10 ਰੁਪਏ ਦੇ ਨੋਟ ਨੂੰ ਪਾਈਪਨੁਮਾ ਬਣਾ ਕੇ ਧੂੰਆ ਅੰਦਰ ਖਿੱਚ ਰਿਹਾ ਸੀ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਨੇ ਆਪਣਾ ਨਾਂ ਪਵਨ ਕੁਮਾਰ ਵਾਸੀ ਪਿੰਡ ਭਟਰਾਣਾ ਦੱਸਿਆ। ਦੂਜੇ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਏਐੱਸਆਈ ਕੌਸ਼ਲ ਚੰਦਰ ਸਾਥੀ ਕਰਮਚਾਰੀਆਂ ਸਮੇਤ ਨਿੱਜੀ ਵਾਹਨ ’ਤੇ ਗਸ਼ਤ ਦੌਰਾਨ ਅਜਨੌਹਾ ਤੋਂ ਟੋਡਰਪੁਰ ਸਾਈਡ ਜਾ ਰਹੇ ਸਨ ਕਿ ਮੁਖ਼ਬਿਰ ਖ਼ਾਸ ਤੋਂ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਰੂੜ ਅਤੇ ਅਜੈ ਰਾਹੁਲ ਵਾਸੀ ਪਾਸਟਾ, ਦੋਵੇਂ ਜ਼ਿਲ੍ਹਾ ਕਪੂਰਥਲਾ, ਮੋਟਰਸਾਈਕਲ ’ਤੇ ਨਸ਼ੇ ਦੀ ਸਪਲਾਈ ਲਈ ਆ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਟੋਡਰਪੁਰ ਨੇੜੇ ਨਾਕਾਬੰਦੀ ਕਰ ਕੇ ਆ ਰਹੇ ਮੋਟਰਸਾਈਕਲ ਨੂੰ ਰੋਕਿਆ। ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਕਥਿਤ ਤੌਰ ’ਤੇ 3.88 ਗ੍ਰਾਮ ਹੈਰੋਇਨ ਅਤੇ ਕੁੱਲ 26 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।