ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਨਾਂ ਰੌਸ਼ਨ
ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਨਾਮ ਰੌਸ਼ਨ
Publish Date: Fri, 16 Jan 2026 04:40 PM (IST)
Updated Date: Sat, 17 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਸਵਾਮੀ ਵਿਵੇਕਾਨੰਦ ਦੀ 163ਵੀਂ ਜਨਮ ਵਰ੍ਹੇਗੰਢ ਦੇ ਮੌਕੇ ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਯੂਥ ਲੀਡਰਸ਼ਿਪ ਤੇ ਗਲੋਬਲ ਸੋਚ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਖੇਤਰ ਦਾ ਮਾਣ ਵਧਾਇਆ ਹੈ। ਸਕੂਲ ਦੇ ਵਿਦਿਆਰਥੀ ਵਿਸ਼ਵਦੀਪ ਸ਼ਰਮਾ ਤੇ ਅਦਿਤੀ ਨੇ ਐੱਸਡੀਜੀ ਯੂਥ ਸਿੰਪੋਜ਼ੀਅਮ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮਹੱਤਵਪੂਰਨ ਉਪਲੱਬਧੀਆਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਮੋਨਿਕਾ ਠਾਕੁਰ ਦੱਸਿਆ ਕਿ ਇਹ ਵੱਕਾਰੀ ਅੰਤਰਰਾਸ਼ਟਰੀ ਸਿੰਪੋਜ਼ੀਅਮ ਇੰਟਰਨੈਸ਼ਨਲ ਕੌਂਸਲ ਫਾਰ ਐਜੂਕੇਸ਼ਨ, ਰਿਸਰਚ ਐਂਡ ਟ੍ਰੇਨਿੰਗ, ਪੈਨਸਿਲਵੇਨੀਆ (ਅਮਰੀਕਾ) ਤੇ ਭਾਰਤ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ। “ਯੂਥ ਵੌਇਸਿਜ਼ ਫਾਰ ਗਲੋਬਲ ਸਸਟੇਨੇਬਿਲਟੀ” ਥੀਮ ਹੇਠ ਆਯੋਜਿਤ ਇਸ ਸਮਾਗਮ ਦਾ ਉਦੇਸ਼ ਨੌਜਵਾਨਾਂ ਨੂੰ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਨਾਲ ਜੁੜੇ ਨਵੀਨਤਾਕਾਰੀ ਤੇ ਵਿਹਾਰਕ ਵਿਚਾਰ ਪੇਸ਼ ਕਰਨ ਲਈ ਇੱਕ ਗਲੋਬਲ ਪਲੇਟਫਾਰਮ ਮੁਹੱਈਆ ਕਰਵਾਉਣਾ ਸੀ। ਸਿੰਪੋਜ਼ੀਅਮ ਦਾ ਕੇਂਦਰੀ ਵਿਸ਼ਾ ਨੌਜਵਾਨਾਂ ਦੀਆਂ ਆਵਾਜ਼ਾਂ ਨੂੰ ਸਸ਼ਕਤ ਬਣਾਉਣਾ ਤੇ ਟਿਕਾਊ ਸੰਸਾਰ ਲਈ ਅਧਿਆਪਕ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਾ ਰਿਹਾ। ਉਨ੍ਹਾਂ ਦੱਸਿਆ ਕਿ ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਦਿਆਰਥੀਆਂ ਨੇ ਯੂਥ ਪਾਇਨੀਅਰ (ਜਮਾਤ 6ਵੀਂ ਤੋਂ 8ਵੀਂ) ਤੇ ਨੈਕਸਟਜੈਨ ਲੀਡਰ (ਜਮਾਤ 10ਵੀਂ ਤੋਂ 12ਵੀਂ) ਵਰਗੀਆਂ ਸ਼੍ਰੇਣੀਆਂ ’ਚ ਹਿੱਸਾ ਲੈਂਦੇ ਹੋਏ ਆਤਮ-ਵਿਸ਼ਵਾਸ, ਲੀਡਰਸ਼ਿਪ ਤੇ ਵਿਸ਼ਵ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। 11ਵੀਂ ਜਮਾਤ ਦੀ ਵਿਦਿਆਰਥਣ ਅਦਿਤੀ ਨੇ ਵਾਇਸ ਆਫ਼ ਐਕਸੀਲੈਂਸ ਅਵਾਰਡ 2026 ’ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ 7ਵੀਂ ਜਮਾਤ ਦੇ ਵਿਸ਼ਵਦੀਪ ਸ਼ਰਮਾ ਨੇ ਦੂਜੇ ਉਪ ਜੇਤੂ ਦਾ ਸਨਮਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਠਾਕੁਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੋਚ-ਵਿਚਾਰ ਤੇ ਸਰਗਰਮ ਭਾਗੀਦਾਰੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਕੈਂਬਰਿਜ ਓਵਰਸੀਜ਼ ਸਕੂਲ ਕਦਰਾਂ-ਕੀਮਤਾਂ ਆਧਾਰਿਤ ਅਤੇ ਭਵਿੱਖਮੁੱਖੀ ਸਿੱਖਿਆ ’ਚ ਮੋਹਰੀ ਹੈ। ਸਕੂਲ ਦੇ ਐੱਮਡੀ ਸਚਿਨ ਸਮਿਆਲ ਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੰਚ ਨੌਜਵਾਨਾਂ ’ਚ ਲੀਡਰਸ਼ਿਪ, ਨਵੀਨਤਾ ਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੈਂਬਰਿਜ ਓਵਰਸੀਜ਼ ਸਕੂਲ ਵਿਦਿਆਰਥੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਅੱਗੇ ਵਧਣ ਦੇ ਪੂਰੇ ਮੌਕੇ ਪ੍ਰਦਾਨ ਕਰਦਾ ਰਹੇਗਾ।