‘ਜਨ ਸਾਹਿਤ’ ਮੈਗਜ਼ੀਨ ਦਾ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ’ ਵਿਸ਼ੇਸ਼ ਅੰਕ, ਰਚਨਾਵਾਂ ਲਈ ਸੱਦਾ
ਭਾਸ਼ਾ ਵਿਭਾਗ ਵੱਲੋਂ ‘ਜਨ ਸਾਹਿਤ’ ਮੈਗਜ਼ੀਨ ਦਾ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ’ ਵਿਸ਼ੇਸ਼ ਅੰਕ, ਰਚਨਾਵਾਂ ਲਈ ਸੱਦਾ
Publish Date: Fri, 16 Jan 2026 04:29 PM (IST)
Updated Date: Sat, 17 Jan 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਸ਼ਾ ਵਿਭਾਗ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ 4 ਪ੍ਰਮੁੱਖ ਮੈਗਜ਼ੀਨਾਂ- ਪੰਜਾਬੀ ਦੁਨੀਆ, ਜਨ ਸਾਹਿਤ, ਪਰਵਾਜ਼-ਏ-ਅਦਬ ਤੇ ਪੰਜਾਬ ਸੌਰਭ ਰਾਹੀਂ ਮਿਆਰੀ ਸਾਹਿਤ ਦੀ ਪ੍ਰਕਾਸ਼ਨਾ ਕਰਦਾ ਆ ਰਿਹਾ ਹੈ। ਮੌਜੂਦਾ ਸਮੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਸਵੰਤ ਰਾਏ, ਖੋਜ ਅਫ਼ਸਰ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਦਾ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੇਖਕਾਂ, ਕਵੀਆਂ ਤੇ ਖੋਜਾਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੇ ਜੀਵਨ, ਰਚਨਾਵਾਂ, ਕਵਿਤਾ, ਕਹਾਣੀ, ਜੀਵਨੀ, ਪੰਜਾਬ ਦੀ ਸਿਆਸਤ ’ਚ ਉਨ੍ਹਾਂ ਦੀ ਭੂਮਿਕਾ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਉਨ੍ਹਾਂ ਦੇ ਯੋਗਦਾਨ ਸਬੰਧੀ ਲੇਖ ਭੇਜਣ। ਉਨ੍ਹਾਂ ਕਿਹਾ ਕਿ ਰਚਨਾਵਾਂ 5 ਫਰਵਰੀ 2026 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ’ਚ ਹਾਰਡ ਅਤੇ ਸਾਫਟ ਕਾਪੀ ਦੇ ਰੂਪ ’ਚ ਜਮ੍ਹਾ ਕਰਵਾਈਆਂ ਜਾਣ। ਰਚਨਾ ਭੇਜਣ ਸਮੇਂ ਲੇਖਕ ਵੱਲੋਂ ਇਹ ਸਵੈ-ਤਸਦੀਕ ਲਾਜ਼ਮੀ ਹੋਵੇਗੀ ਕਿ ਰਚਨਾ ਮੌਲਿਕ ਤੇ ਅਣ-ਪ੍ਰਕਾਸ਼ਿਤ ਹੈ, ਨਾਲ ਹੀ ਲੇਖਕ ਦਾ ਪੂਰਾ ਪਤਾ ਅਤੇ ਸੰਪਰਕ ਨੰਬਰ ਵੀ ਦਰਜ ਕੀਤਾ ਹੋਵੇ। ਜ਼ਿਕਰਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮੌਜੂਦਾ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਰਹੇ ਹਨ। ਉਹ ਪ੍ਰਸਿੱਧ ਦਾਨਿਸ਼ਵਰ, ਕਹਾਣੀਕਾਰ, ਨਿਬੰਧਕਾਰ, ਜੀਵਨੀ ਲੇਖਕ, ਕਵੀ, ਸਫ਼ਰਨਾਮਾ ਲੇਖਕ ਤੇ ਅਨੁਵਾਦਕ ਵੀ ਸਨ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਭਾਸ਼ਾ ਵਿਭਾਗ ਵੱਲੋਂ ‘ਜਨ ਸਾਹਿਤ’ ਦਾ ਇਹ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰ ਕੇ ਮਹਾਨ ਵਿਦਵਾਨ ਤੇ ਨੇਤਾ ਨੂੰ ਅਕੀਦਤ ਭੇਟ ਕੀਤੀ ਜਾ ਰਹੀ ਹੈ।