ਧੀਆਂ ਹਰੇਕ ਖੇਤਰ ’ਚ ਕਰ ਰਹੀਆਂ ਹਨ ਦੇਸ਼ ਦਾ ਨਾਂ ਰੌਸ਼ਨ : ਚੱਬੇਵਾਲ
ਸਮਾਜਿਕ ਸੁਰੱਖਿਆ ਵਿਭਾਗ ਨੇ ਉਤਸ਼ਾਹ ਨਾਲ ਮਨਾਈ 101 ਨਵਜੰਮੀਆਂ ਧੀਆਂ ਦੀ ਲੋਹੜੀ
Publish Date: Fri, 16 Jan 2026 04:11 PM (IST)
Updated Date: Sat, 17 Jan 2026 04:01 AM (IST)

ਉਤਸ਼ਾਹ ਨਾਲ ਮਨਾਈ 101 ਨਵਜੰਮੀਆਂ ਧੀਆਂ ਦੀ ਲੋਹੜੀ ‘ਬੇਟੀ ਬਚਾਓ-ਬੇਟੀ ਪੜ੍ਹਾਓ‘ ਦਾ ਦਿੱਤਾ ਸੁਨੇਹਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ 101 ਨਵਜੰਮੀਆਂ ਧੀਆਂ ਦੀ ਲੋਹੜੀ ਬਹੁਤ ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਈ ਗਈ। ਇਹ ਵਿਸ਼ੇਸ਼ ਪ੍ਰੋਗਰਾਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ’ਚ ਲਿੰਗ ਸਮਾਨਤਾ ਦਾ ਸੰਦੇਸ਼ ਦੇਣਾ ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਵੱਕਾਰੀ ਯੋਜਨਾ ‘ਬੇਟੀ ਬਚਾਓ, ਬੇਟੀ ਪੜ੍ਹਾਓ‘ ਨੂੰ ਹੋਰ ਮਜ਼ਬੂਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਲੋਹੜੀ ਬਾਲ ਕੇ ਕੀਤੀ ਗਈ, ਜਿਸ ਨੂੰ ਖੁਸ਼ੀ, ਨਿੱਘ ਤੇ ਰੌਸ਼ਨ ਭਵਿੱਖ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਨਵਜੰਮੀਆਂ ਧੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਖੁਸ਼ਹਾਲ ਤੇ ਰੋਸ਼ਨ ਭਵਿੱਖ ਲਈ ਸਮੂਹਿਕ ਪ੍ਰਾਰਥਨਾ ਕੀਤੀ ਗਈ। ਵਿਭਾਗ ਵੱਲੋਂ ਧੀਆਂ ਦੀਆਂ ਮਾਵਾਂ ਨੂੰ ਤੋਹਫ਼ੇ ਅਤੇ ਮਠਿਆਈਆਂ ਭੇਟ ਕੀਤੀਆਂ ਗਈਆਂ, ਜਦਕਿ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਨੂੰ ਟਰੈਕ ਸੂਟ ਤੇ ਸਪੋਰਟਸ ਸ਼ੂਅ ਵੰਡੇ ਗਏ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਧੀਆਂ ਕਿਸੇ ਵੀ ਤਰ੍ਹਾਂ ਪੁੱਤਰਾਂ ਤੋਂ ਘੱਟ ਨਹੀਂ ਹਨ। ਅੱਜ ਧੀਆਂ ਸਿੱਖਿਆ, ਖੇਡ, ਵਿਗਿਆਨ, ਪ੍ਰਸ਼ਾਸਨ ਤੇ ਰਾਜਨੀਤੀ ਸਮੇਤ ਹਰ ਖੇਤਰ ’ਚ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਤਾਂ ਹੀ ਸੰਭਵ ਹੈ ਜਦੋਂ ਧੀਆਂ ਨੂੰ ਬਰਾਬਰ ਮੌਕੇ, ਬਿਹਤਰ ਸਿੱਖਿਆ ਤੇ ਸਵੈ-ਨਿਰਭਰ ਬਣਨ ਦਾ ਪੂਰਾ ਅਧਿਕਾਰ ਮਿਲੇ। ਅਜਿਹੇ ਸਮਾਗਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਸ ਨਾਲ ਸਮਾਜ ’ਚ ਸਾਕਾਰਾਤਮਕ ਸੋਚ ਮਜ਼ਬੂਤ ਹੁੰਦੀ ਹੈ ਤੇ ਧੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਧੀਆਂ ਦੇ ਅਧਿਕਾਰਾਂ, ਸੁਰੱਖਿਆ ਤੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ’ਚ ਧੀਆਂ ਦੇ ਜਨਮ ਨੂੰ ਲੈ ਕੇ ਸਮਾਜ ’ਚ ਨਾਕਾਰਾਤਮਕ ਸੋਚ ਸੀ ਪਰ ਅੱਜ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਧੀਆਂ ਦਾ ਸਵਾਗਤ ਮਾਣ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਬਰਾਬਰ ਮੌਕੇ ਦੇਣ ਤੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਫ਼ੈਸਲੇ ਖ਼ੁਦ ਲੈਣ ਲਈ ਉਤਸ਼ਾਹਿਤ ਕਰਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਨਵਜੰਮੀਆਂ ਧੀਆਂ ਦੀਆਂ ਮਾਵਾਂ ਤੇ ਉਨ੍ਹਾਂ ਦੇ ਪਰਿਵਾਰ ਵੱਡੀ ਗਿਣਤੀ ’ਚ ਮੌਜੂਦ ਸਨ।