ਬਨਕਰਨਪੁਰ ਦੇ ਜੰਗਲਾਂ ‘ਚੋਂ ਖੈਰ ਦੇ 2 ਦਰਜਨ ਦਰੱਖਤ ਚੋਰੀ
ਬਨਕਰਨਪੁਰ ਦੇ ਜੰਗਲਾਂ ‘ਚੋਂ ਖੈਰ ਦੇ ਦੋ ਦਰਜ਼ਨ ਦਰੱਖਤ ਚੋਰੀ
Publish Date: Thu, 15 Jan 2026 07:44 PM (IST)
Updated Date: Fri, 16 Jan 2026 04:10 AM (IST)

ਜੰਗਲਾਤ ਵਿਭਾਗ ਨੇ ਦੌਲਤਪੁਰ ਨੇੜਿਓਂ ਕਾਬੂ ਕੀਤੀ ਭੱਜੀ ਗੱਡੀ; ਚੋਰਾਂ ਅਰਾਮ ਨਾਲ ਸ਼ਰਾਬ ਪੀ ਕੇ ਕੱਟੇ ਖੈਰ ਦਰੱਖਤ; ਨਾਕੇ ਤੋ਼ ਮਹਿਜ਼ 20 ਤੋਂ 50 ਮੀਟਰ ਤੱਕ ਹੋਈ ਕਟਾਈ ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਲੰਬੇ ਸਮੇਂ ਤੋਂ ਚੋਰਾਂ ਵਲੋਂ ਕੱਟੀ ਜਾਂਦੀ ਖੈਰ ਦੀ ਲੱਕੜ ਚੋਰੀ ਕਰਨ ਵਾਲੇ ਲੋਕਾਂ ਖਿਲਾਫ਼ ਜੰਗਲਾਤ ਵਿਭਾਗ ਨੇ ਮਹਿਜ ਨੁਕਸਾਨ ਦੀ ਰਾਸ਼ੀ ਵਸੂਲ ਕੇ ਆਪਣੀ ਕਾਰਵਾਈ ਪੂਰੀ ਕਰ ਲਈ ਹੈ। ਜੰਗਲਾਤ ਵਿਭਾਗ ਨੇ ਨਾਂ ਤਾਂ ਚੋਰਾਂ ਨੂੰ ਪੁਲੀਸ ਹਵਾਲੇ ਹੀ ਕੀਤਾ ਹੈ ਅਤੇ ਨਾ ਹੀ ਚੋਰੀ ਦੀ ਲੱਕੜ ਦੇ ਖਰੀਦਦਾਰਾਂ ਦੀ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਜੰਗਲਾਤ ਅਧਿਕਾਰੀਆਂ ਦੀ ਚੋਰਾਂ ਨਾਲ ਕਥਿਤ ਮਿਲੀਭੁਗਤ ਸਾਹਮਣੇ ਆਉਂਦੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਨਕਰਨਪੁਰ ਬੀਟ ਅਧੀਨ ਪੈਂਦੇ ਹਵਾ ਮਹਿਲ ਕੋਲ ਜਿੱਥੇ ਕਿ ਪੁਲੀਸ ਦੀ ਨਾਕਾ ਚੌਂਕੀ ਵੀ ਹੈ ਤੋਂ ਮਹਿਜ਼ 20 ਤੋਂ 50 ਮੀਟਰ ਦੀ ਦੂਰੀ ਤੱਕ ਕਰੀਬ ਦੋ ਦਰਜ਼ਨ ਖੈਰ ਦੇ ਦਰੱਖਤ ਕੱਟ ਲਏ, ਇਸ ਬਾਰੇ ਵਣ ਗਾਰਡ, ਰੇਂਜ ਅਫਸਰ ਅਤੇ ਨਾਕੇ ‘ਤੇ ਰਾਖੀ ਲਈ ਤਾਇਨਾਤ ਮੁਲਾਜ਼ਮ ਸਮੇਤ ਸਾਰੇ ਅਣਜਾਣ ਬਣੇ ਰਹੇ। ਚੋਰਾਂ ਨੇ ਇਸ ਖੇਤਰ ਵਿੱਚੋਂ ਕਰੀਬ 2 ਦਰਜ਼ਨ ਦਰੱਖਤ ਚੋਰੀ ਕੀਤੇ। ਇੱਥੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਸੰਤਰਿਆਂ ਸਮੇਤ ਕੇਲਿਆਂ ਦੇ ਛਿਲਕੇ ਸਪੱਸ਼ਟ ਕਰਦੇ ਹਨ ਕਿ ਚੋਰਾਂ ਨੇ ਅਰਾਮ ਨਾਲ ਬੈਠ ਕੇ ਇੱਥੇ ਸ਼ਰਮਾਬ ਪੀਤੀ ਹੈ ਅਤੇ ਲੱਕੜ ਦੀ ਕਟਾਈ ਕੀਤੀ ਹੈ, ਪਰ ਵਿਭਾਗੀ ਅਧਿਕਾਰੀ ਇਸ ਪ੍ਰਤੀ ਅਵੇਸਲੇ ਬਣੇ ਰਹੇ। ਨੇੜਲੇ ਪਿੰਡ ਦੇ ਇੱਕ ਵਿਆਕਤੀ ਨੇ ਦੱਸਿਆ ਕਿ ਕੱਟੇ ਗਏ ਦਰੱਖਤਾਂ ਦੀ ਗਿਣਤੀ 40 ਤੋਂ ਵੱਧ ਹੈ, ਪਰ ਆਪਣੇ ਬਚਾਅ ਲਈ ਵਿਭਾਗ ਵਲੋਂ ਇਹ ਗਿਣਤੀ ਘੱਟ ਦਿਖਾਈ ਜਾ ਰਹੀ ਹੈ। ਜੰਗਲਾਤ ਵਿਭਾਗ ਦੇ ਰੇਂਜ ਅਫਸਰ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵਿਭਾਗੀ ਫਾਰਰੈਸਟਰ ਸੁਖਦੇਵ ਰਾਜ ਆਪਣੇ ਕੁਝ ਮੁਲਾਜ਼ਮਾਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਟੀਮ ਨੇ ਕਰਨਪੁਰ ਦੇ ਜੰਗਲਾਂ ਵਿੱਚੋ ਖੈਰ ਦੀ ਲੱਕੜ ਚੋਰੀ ਕਰਨ ਵਾਲੀ ਗੱਡੀ ਗੁਜ਼ਰਦੀ ਦੇਖੀ, ਜਦੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨਾਂ ਗੱਡੀ ਭਜਾ ਲਈ, ਜਿਸਦਾ ਪਿੱਛਾ ਕਰਦਿਆਂ ਗੱਡੀ ਨੂੰ ਦੌਲਤਪੁਰ ਕੋਲ ਜਾ ਕੇ ਕਾਬੂ ਕਰ ਕੀਤਾ ਗਿਆ। ਗੱਡੀ ਵਿੱਚ ਉਸ ਮੌਕੇ ਡਰਾਈਵਰ ਰਵੀ ਕੁਮਾਰ ਸਮੇਤ ਯਾਦਵਿੰਦਰ ਸਿੰਘ ਪਿੰਡ ਪਲਾਹੜ ਮੌਜੂਦ ਸੀ। ਗੱਡੀ ਵਿੱਚਲੀ ਲੱਕੜ ਸਬੰਧੀ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਮੁੱਢਲੀ ਪੁੱਛ ਪੜਤਾਲ ਦੌਰਾਨ ਚੋਰਾਂ ਨੇ ਇਹ ਮੰਨਿਆ ਕਿ ਉਨਾਂ ਇਹ ਲੱਕੜ ਨਜਾਇਜ਼ ਤੌਰ ‘ਤੇ ਕੱਟੀ ਹੈ ਅਤੇ ਵਿਭਾਗ ਦੇ ਹੋਏ ਨੁਕਸਾਨ ਦਾ 4,27,000 ਰੁਪਏ ਜ਼ੁਰਮਾਨਾ ਵਸੂਲ ਲਿਆ ਗਿਆ ਹੈ। ਜਦੋਂ ਰੇਂਜ ਅਫਸਰ ਨੂੰ ਸਵਾਲ ਕੀਤਾ ਕਿ ਬੀਤੀ ਰਾਤ ਫੜੀ ਗੱਡੀ ਸਬੰਧ ਦੇਰ ਸ਼ਾਮ ਪ੍ਰੈਸ ਨੋਟ ਕਿਉਂ ਜਾਰੀ ਕੀਤੀ ਗਿਆ ਅਤੇ ਚੋਰਾਂ ਨੂੰ ਪੁਲੀਸ ਹਵਾਲੇ ਕਿਉਂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਇਹ ਆਖ ਕੇ ਪੱਲਾ ਝਾੜ ਲਿਆ ਕਿ ਵਿਭਾਗ ਵਲੋਂ ਕੇਵਲ ਜ਼ੁਰਮਾਨਾ ਹੀ ਵਸੂਲਿਆ ਜਾ ਸਕਦਾ ਹੈ।