ਨਗਰ ਕੌਂਸਲ ਹਰਿਆਣਾ ਵੱਲੋਂ ਸੁੱਟੀ ਜਾਂਦੀ ਗੰਦਗੀ ਤੋਂ ਮੁਹੱਲਾ ਵਾਸੀ ਪਰੇਸ਼ਾਨ
ਨਗਰ ਕੌਂਸਲ ਹਰਿਆਣਾ ਵੱਲੋਂ ਸੁੱਟੀ ਜਾਂਦੀ ਗੰਦਗੀ ਤੋਂ ਮੁਹੱਲਾ ਵਾਸੀ ਪਰੇਸ਼ਾਨ
Publish Date: Thu, 15 Jan 2026 07:20 PM (IST)
Updated Date: Fri, 16 Jan 2026 04:10 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਕਸਬਾ ਹਰਿਆਣਾ ਵਿਖੇ ਮੁਹੱਲਾ ਰਾਣਕਾ ਦੇ ਨਿਵਾਸੀਆਂ ਵੱਲੋਂ ਨਗਰ ਕੌਂਸਲ ਹਰਿਆਣਾ ਵੱਲੋਂ ਘਰਾਂ ਨਜ਼ਦੀਕ ਸੁੱਟੀ ਜਾਂਦੀ ਗੰਦਗੀ ਨੂੰ ਲੈ ਕੇ ਵਿਰੋਧ ਕੀਤਾ ਗਿਆ। ਮੌਕੇ ਤੇ ਇਕੱਤਰ ਮੁਹੱਲਾ ਵਾਸੀਆਂ ਕੌਂਸਲਰ ਇਕਬਾਲ ਸਿੰਘ, ਕੁਲਵੀਰ ਸਿੰਘ, ਹਰਬੰਸ ਸਿੰਘ, ਜੀਵਨ ਸਿੰਘ, ਗੁਰਪ੍ਰੀਤ ਸਿੰਘ, ਅਜੀਤ ਸਿੰਘ, ਸਰਬਜੀਤ ਸਿੰਘ, ਕਿਰਪਾਲ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ, ਸਵਰਨ ਬਾਲਾ, ਮਹਿੰਦਰ ਕੌਰ, ਹਰਦੀਪ ਕੌਰ, ਅਮਨਪ੍ਰੀਤ ਕੌਰ ਨੇ ਪ੍ਰੈਸ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਹਰਿਆਣਾ ਵੱਲੋਂ ਕਸਬਾ ਹਰਿਆਣਾ ਦੀ ਗੰਦਗੀ ਨੂੰ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨਜ਼ਦੀਕ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਘਰਾਂ ਨੇੜੇ ਗੰਦਗੀ ਫੈਲ ਰਹੀ ਹੈ ਤੇ ਮੁਹੱਲਾ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਵੀ ਡਰ ਸਤਾ ਰਿਹਾ ਹੈ। ਮੁਹੱਲਾ ਵਾਸੀਆਂ ਨੂੰ ਆਪਣੇ ਖੇਤਾਂ ਤੇ ਬੱਚਿਆਂ ਨੂੰ ਸਕੂਲ ਛੱਡਣ ਲਈ ਇਸੇ ਰਸਤੇ ਤੋਂ ਲੰਘਣਾ ਪੈਂਦਾ ਹੈ ਤੇ ਰਸਤੇ ’ਤੇ ਨਗਰ ਕੌਂਸਲ ਵੱਲੋਂ ਸੁੱਟੀ ਜਾਦੀ ਗੰਦਗੀ ਕਾਰਨ ਉਨ੍ਹਾਂ ਦਾ ਇੱਥੋਂ ਲੰਘਣਾ ਬੜਾ ਮੁਸ਼ਕਲ ਹੈ। ਇਸ ਗੰਦਗੀ ’ਤੇ ਆਵਾਰਾ ਪਸ਼ੂ ਤੇ ਅਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇੱਥੋ ਲੰਘਣ ਸਮੇਂ ਕਿਸੇ ਸਮੇਂ ਵੀ ਕਿਸੇ ਅਣਸੁਖਾਵੀਂ ਘਟਨਾ ਹੋਣ ਦਾ ਡਰ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾ ਹੀ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕਰ ਕੇ ਡੀਏਵੀ ਸਕੂਲ ਨਜਦੀਕ ਬਣੇ ਡੰਪ ਨੂੰ ਸਾਫ਼ ਕਰਵਾਇਆ ਗਿਆ ਸੀ ਤੇ ਉਸ ਗੰਦਗੀ ਨੂੰ ਹੁਣ ਉਨਾਂ ਦੇ ਘਰਾਂ ਨੇੜੇ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਨਗਰ ਕੌਂਸਲ ਨੂੰ ਇਸ ਗੰਦਗੀ ਨੂੰ ਚੁੱਕਣ ਲਈ ਕਈ ਵਾਰ ਕਿਹਾ ਗਿਆ ਹੈ ਪਰ ਅਜੇ ਤੱਕ ਨਗਰ ਕੌਂਸਲ ਵਲੋਂ ਇਸ ਗੰਦਗੀ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਨਗਰ ਕੌਂਸਲ ਵੱਲੋਂ ਤੁਰੰਤ ਇਸ ਗੰਦਗੀ ਨੂੰ ਨਾ ਹਟਾਇਆ ਗਿਆ ਤਾਂ ਉਹ ਮਜ਼ਬੂਰਨ ਇਸ ਰਸਤੇ ਨੂੰ ਬੰਦ ਕਰ ਦੇਣਗੇ ਤੇ ਜਿਸ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। ਗੰਦਗੀ ਦੇ ਲੱਗੇ ਢੇਰਾਂ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਦਨ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਸੀ। ਹੁਣ ਉਹਨਾਂ ਦੇ ਮਾਮਲਾ ਧਿਆਨ ਵਿੱਚ ਆ ਗਿਆ ਹੈ ਉਹ ਅੱਜ ਹੀ ਜੇਸੀਬੀ ਲਗਾ ਕੇ ਇਸ ਦੀ ਸਫਾਈ ਕਰਵਾ ਦੇਣਗੇ। ਜਦੋਂ ‘ਪੰਜਾਬੀ ਜਾਗਰਣ’ ਵੱਲੋਂ ਗੰਦਗੀ ਨੂੰ ਲੈ ਕੇ ਸੰਬੰਧਤ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਗੱਲ ਕਰਨ ਤੋਂ ਕੁਝ ਸਮੇਂ ਬਾਅਦ ਹੀ ਮੁਲਾਜ਼ਮਾਂ ਨੂੰ ਭੇਜ ਕੇ ਕੂੜੇ ਦੇ ਲੱਗੇ ਗੰਦਗੀ ਦੇ ਢੇਰ ਨੂੰ ਕੁੱਝ ਹੀ ਮਿੰਟਾਂ ’ਚ ਜੇਸੀਬੀ ਮਸ਼ੀਨ ਨਾਲ ਚੁਕਵਾ ਦਿੱਤਾ ਗਿਆ।